ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਚਿਆਂ ਦਾ ਕੋਵਿਡ ਵਾਰਡ ਤੇ ਪੀ.ਐਸ.ਏ. ਆਕਸੀਜ਼ਨ ਪਲਾਂਟਾਂ ਦਾ ਲੁਧਿਆਣਾ ਵਿਖੇ ਵਰਚੂਅਲ ਉਦਘਾਟਨ

ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ
ਲੁਧਿਆਣਾ, 14 ਅਗਸਤ 2021 ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਦਿਆਂ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਪੀਡੀਆਟ੍ਰਿਕ ਕੋਵਿਡ ਕੇਅਰ ਵਾਰਡ ਅਤੇ 4.21 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਤਿੰਨ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀ.ਐਸ.ਏ.) ਆਕਸੀਜਨ ਪਲਾਂਟਾਂ ਦਾ ਵਰਚੂਅਲ ਉਦਘਾਟਨ ਕੀਤਾ।
ਅਤਿ-ਆਧੁਨਿਕ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ.) ਵਿੱਚ ਪੰਜ ਪੀ.ਆਈ.ਸੀ.ਯੂ. ਯੂਨਿਟ ਅਤੇ ਅੱਠ ਮਲਟੀਸਿਸਟਮ ਇਨਫਲਾਮੇਟਰੀ ਸਿੰਡਰੋਮ ਇਨ ਚਿਲਡਰਨ (ਐਮ.ਆਈ.ਐਸ.ਸੀ.) ਬੈਡ ਹਨ। ਡਾਕਟਰਾਂ ਅਤੇ ਨਰਸਾਂ ਨੂੰ ਡਾ. ਬਿਸ਼ਵ ਮੋਹਨ (ਡੀ.ਐਮ.ਸੀ.) ਦੀ ਸਹਾਇਤਾ ਨਾਲ ਸਿਖਲਾਈ ਦਿੱਤੀ ਗਈ ਹੈ. ਇਸ ਤੋਂ ਇਲਾਵਾ, ਇਸ ਵਾਰਡ ਵਿੱਚ ਡੀ.ਐਮ.ਸੀ. ਤੋਂ ਈਕੋ ਅਤੇ ਕਾਰਡੀਓਲੌਜੀ ਬੈਕਅਪ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਲੱਖ ਰੁਪਏ ਦੇ ਉਪਕਰਣ ਦਾਨ ਕਰਨ ਲਈ, ਡਾ. ਰੁਪੇਸ਼ ਅਗਰਵਾਲ (ਸਿੰਗਾਪੁਰ) ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਪਾਇਆ ਯੋਗਦਾਨ ਸਰਕਾਰੀ ਸਿਹਤ ਸਹੂਲਤਾਂ ਵਿੱਚ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਸਾਰੇ 23 ਜ਼ਿਲ੍ਹਿਆਂ ਵਿੱਚ ਪੀ.ਆਈ.ਸੀ.ਯੂ. ਅਤੇ ਲੈਵਲ 2 ਪੀਡੀਆਟ੍ਰਿਕ ਬੈੱਡਾਂ ਦੀ ਸਮਰੱਥਾ ਅਤੇ 4 ਜੀ.ਐਮ.ਸੀ.ਐਚਜ਼ ਨੂੰ 1,104 ਪੀਡੀਆਟ੍ਰਿਕ ਬੈੱਡਾਂ ਤੱਕ ਵਧਾਏਗੀ।
ਉਨ੍ਹਾਂ ਕਿਹਾ ਕਿ ਪਰਉਪਕਾਰੀ, ਉਦਯੋਗਿਕ ਇਕਾਈਆਂ ਅਤੇ ਪੰਜਾਬ ਸਰਕਾਰ ਦਾ ਇਹ ਸਮੂਹਿਕ ਯਤਨ ਕੋਵਿਡ ਤੋਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਇਕ ਸਿੱਧ ਹੋਵੇਗਾ ਅਤੇ ਮਹਾਂਮਾਰੀ ਨਾਲ ਕੁਸ਼ਲਤਾ ਨਾਲ ਲੜਨ ਵਿੱਚ ਸਹਾਇਤਾ ਕਰੇਗਾ।
ਮੁੱਖ ਮੰਤਰੀ ਦੁਆਰਾ ਲੁਧਿਆਣਾ ਵਿੱਚ ਪੀ.ਐਸ.ਏ. ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਈ.ਐਸ.ਆਈ. ਹਸਪਤਾਲ ਅਤੇ ਸਿਵਲ ਹਸਪਤਾਲ ਵਿੱਚ 1000 ਐਲ.ਪੀ.ਐਮ. ਅਤੇ ਅਰਬਨ ਹੈਲਥ ਸੈਂਟਰ, ਵਰਧਮਾਨ ਵਿਖੇ 500 ਐਲ.ਪੀ.ਐਮ. ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿੱਚ ਕੁੱਲ 76 ਪੀ.ਐਸ.ਏ. ਪਲਾਂਟ (41 ਭਾਰਤ ਸਰਕਾਰ ਸਮਰਥਿਤ ਅਤੇ 35 ਦਾਨੀ ਸਮਰਥਿਤ) ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ 48832 ਐਲ.ਪੀ.ਐਮ. ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਨਾਲ ਪੰਜਾਬ ਤੋਂ ਬਾਹਰ ਆਕਸੀਜਨ ਦੀ ਸਪਲਾਈ ‘ਤੇ ਸੂਬੇ ਦੀ ਨਿਰਭਰਤਾ ਕਾਫ਼ੀ ਹੱਦ ਤੱਕ ਘੱਟ ਜਾਵੇਗੀ, ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਮਰੱਥਾ ਨੂੰ 560 ਮੀਟਰਕ ਟਨ ਤੱਕ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 235 ਮੀਟਰਕ ਟਨ ਐਲ.ਐਮ.ਓ. ਅਤੇ ਲਗਭਗ 328 ਮੀਟਰਕ ਟਨ ਪੀ.ਐਸ.ਏ. ਪਲਾਂਟ, ਏ.ਐਸ.ਯੂ. ਅਤੇ ਆਕਸੀਜ਼ਨ ਕੰਸਨਟਰੇਟਰ ਸ਼ਾਮਲ ਹਨ। ਇਸ ਵਿੱਚ ਗੈਰ-ਕੋਵਿਡ ਐਮਰਜੈਂਸੀ ਸਥਿਤੀਆਂ ਲਈ 50 ਮੀਟਰਕ ਟਨ ਆਕਸੀਜਨ ਸ਼ਾਮਲ ਹੈ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਗੈਰ-ਕੋਵਿਡ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਹੋਵੇ. ਦੂਜੀ ਲਹਿਰ ਦੇ ਸਿਖਰ ‘ਤੇ, ਪੰਜਾਬ ਲਗਭਗ 308 ਮੀਟਰਕ ਟਨ ਆਕਸੀਜਨ ਦੀ ਵਰਤੋਂ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਨੁਮਾਨਤ ਤੀਜੀ ਲਹਿਰ ਨਾਲ ਨਜਿੱਠਣ ਲਈ ਦੋਹਰੀ ਕੋਸ਼ਿਸ਼ ਕਰ ਰਹੀ ਹੈ ਅਤੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਲ ਰੋਗ ਸੰਬੰਧੀ ਦੇਖਭਾਲ ਯੂਨਿਟ ਅਤੇ ਹੋਰ ਬੱਚਿਆਂ ਨਾਲ ਸਬੰਧਤ ਸਿਹਤ ਬੁਨਿਆਦੀ ਢਾਂਚੇ ਸਥਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਸਭ ਤੋਂ ਮੁਸ਼ਕਲ ਸੀ ਜਿਸ ਵਿੱਚ ਦੁਸ਼ਮਣ ਬਿਲਕੁਲ ਅਦਿੱਖ ਸੀ ਅਤੇ ਘਾਤਕ ਸੀ ਪਰ ਡਾਕਟਰਾਂ, ਪੈਰਾ ਮੈਡੀਕਲ, ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਮਿਸਾਲੀ ਦਲੇਰੀ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਬੈਕਫਿੰਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ, ਡਾ. ਬਿਸ਼ਵ ਮੋਹਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ) ਸ੍ਰੀ ਸੰਦੀਪ ਕੁਮਾਰ ਪ੍ਰੇਮ ਗੁਪਤਾ, ਸਿਵਲ ਸਰਜਨ ਡਾ. ਕਿਰਨ ਗਿੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Spread the love