ਲੋਕਾਂ ਨੂੰ ਕੌਮੀ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ: ਜਸਟਿਸ ਵਰਿੰਦਰ ਅਗਰਵਾਲ
10 ਸਾਲ ਪੁਰਾਣੇ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਹੋਇਆ ਨਿਬੇੜਾ
ਬਰਨਾਲਾ ਵਿਖੇ ਲੋਕ ਅਦਾਲਤ ਵਿੱਚ 687 ਕੇਸਾਂ ਦੀ ਸੁਣਵਾਈ
610 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਕੀਤਾ ਨਿਪਟਾਰਾ
2.32 ਕਰੋੜ ਰੁਪਏ ਦੇ ਐਵਾਰਡ ਪਾਸ
ਬਰਨਾਲਾ, 10 ਜੁਲਾਈ 2021
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਪ੍ਰਧਾਨਗੀ ਹੇਠ ਜ਼ਿਲਾ ਕੋਰਟ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਲਾਈ ਗਈ।
ਇਸ ਕੌਮੀ ਲੋਕ ਅਦਾਲਤ ਵਿੱਚ ਹਰ ਤਰਾਂ ਦੇ ਪ੍ਰੀ-ਲੀਟਿਗੇਟਿਵ ਅਤੇ ਬਕਾਇਆ ਕੇਸਾਂ ਦੀ ਸੁਣਵਾਈ ਕਰਨ ਲਈ ਅਤੇ ਆਪਸੀ ਰਜ਼ਾਮੰਦੀ ਅਤੇ ਸਹਿਮਤੀ ਨਾਲ ਕੇਸ ਨਿਪਟਾਉਣ ਲਈ ਸ੍ਰੀ ਬਰਜਿੰਦਰ ਪਾਲ ਸਿੰਘ (ਮਾਨਯੋਗ ਐਡੀਸ਼ਨਲ ਜ਼ਿਲਾ ਅਤੇ ਸੈਸ਼ਨਜ਼ ਜੱਜ-1), ਸ੍ਰੀ ਕਪਿਲ ਅੱਗਰਵਾਲ (ਮਾਨਯੋਗ ਜ਼ਿਲਾ ਜੱਜ ਫੈਮਲੀ ਕੋਰਟ), ਸ੍ਰੀ ਵਨੀਤ ਕੁਮਾਰ ਨਾਰੰਗ (ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜ਼ਨ), ਸ੍ਰ੍ਰੀਮਤੀ ਸੁਰੇਖਾ ਰਾਣੀ (ਮਾਨਯੋਗ ਏ.ਸੀ.ਜੇ.ਐੱਸ.ਡੀ.), ਸ੍ਰੀ ਚੇਤਨ ਸ਼ਰਮਾ (ਸਿਵਲ ਜੱਜ ਜ.ਡ.) ਅਤੇ ਸ੍ਰ੍ਰੀ ਵਿਜੇ ਸਿੰਘ ਦਦਵਾਲ (ਮਾਨਯੋਗ ਸਿਵਲ ਜੱਜ ਜ.ਡ.) ਦੇ ਕੁੱਲ 6 ਬੈਂਚਾਂ ਦਾ ਗਠਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ 687 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 610 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਗਿਆ ਅਤੇ 2,32,24,113 ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਜੁਡੀਸ਼ੀਅਲ ਅਫ਼ਸਰਾਂ ਵੱਲੋਂਂ ਕੋਵਿਡ-19 ਦੇ ਦੌਰਾਨ ਬਹੁਤ ਮਿਹਨਤ ਨਾਲ ਕੰਮ ਕੀਤਾ ਗਿਆ ਅਤੇ ਪ੍ਰੀ-ਲੋਕ ਅਦਾਲਤਾਂ ਲਗਾਈਆਂ ਗਈਆਂ ਅਤੇ ਸਮਝੌਤਾ ਕਰਨ ਲਈ ਪਾਰਟੀਆਂ ਨੂੰ ਮਨਾਇਆ ਗਿਆ ਅਤੇ ਫਾਈਨਲ ਐਵਾਰਡ ਪਾਸ ਕੀਤੇ ਗਏ। ਆਰਬਿਟਰੇਸ਼ਨ ਦੇ ਇੱਕ ਮਾਮਲੇ ਵਿੱਚ ਏ.ਆਰ.ਬੀ./08/2016 ਮੈਸ. ਸਟੈਂਡਰਡ ਕਾਰਪੋਰੇਸ਼ਨ ਇੰਡੀਆ ਬਨਾਮ ਮੈਸ. ਕਲੱਚ ਇੰਟਰਨੈਸ਼ਨਲ ਦਾ ਕੇਸ ਇੱਕ ਆਰਬਿਟਰੇਟਰ ਦੁਆਰਾ ਪਾਸ ਕੀਤੇ ਹੋਏ ਐਵਾਰਡ ਨੂੰ ਦੇਣ ਲਈ ਰਜਿਸਟਰ ਕੀਤਾ ਗਿਆ। ਮੁੱਦਈ ਫਰਮ ਕੰਬਾਇਨ ਹਾਰਵੈਸਟਰ, ਟਰੈਕਟਰ ਤੇ ਸਹਾਇਕ ਖੇਤੀਬਾੜੀ ਮਸ਼ੀਨਰੀ ਅਤੇ ਹੋਰ ਭਾਰੀ ਲਿਫਟ ਮਸ਼ੀਨਰੀ ਦੇ ਨਿਰਮਾਣ ਦਾ ਕੰਮ ਕਰਦੀ ਹੈ ਅਤੇ ਦੂਸਰੀ ਧਿਰ ਫਲਾਈ ਵੀਲ, ਰਿੰਗ ਗੀਅਰ ਅਤੇ ਸ਼ਾਵਟਾਂ ਦੇ ਵਪਾਰਕ ਸੌਦੇ ਕਰ ਰਹੀ ਹੈ। 01.09.2012 ਨੂੰ ਦੋਹਾਂ ਪਾਰਟੀਆਂ ਵਿੱਚ ਝਗੜਾ ਹੋ ਗਿਆ ਅਤੇ ਦੋਵੇ ਪਾਰਟੀਆਂ ਨੇ ਆਰਬਿਟਰੇਟਰ ਕੋਲ ਪਹੁੰਚ ਕੀਤੀ ਗਈ। ਇਸ ਤੋਂ ਬਾਅਦ 10.05.2016 ਮੈਸ. ਕਲੱਚ ਇੰਟਰਨੈਸ਼ਨਲ ਦੇ ਹੱਕ ਵਿੱਚ ਆਰਬਿਟਰੇਟਰ ਦੁਆਰਾ ਐਵਾਰਡ ਪਾਸ ਕੀਤਾ ਗਿਆ ਤੇ 13.7.2016 ਨੂੰ ਮੈਸ. ਸਟੈਡਰਡ ਦੁਆਰਾ ਇਸ ਐਵਾਰਡ ਨੂੰ ਰੱਦ ਕਰਨ ਲਈ ਅਦਾਲਤ ਵਿੱਚ ਚਾਰਾਜੋਈ ਕੀਤੀ ਗਈ। ਹੁਣ ਕਰੀਬ 10 ਸਾਲ ਦੀ ਮੁਕੱਦਮੇਬਾਜ਼ੀ ਤੋਂ ਬਾਅਦ ਪਾਰਟੀਆਂ ਦਾ ਅਦਾਲਤ ਦੁਆਰਾ ਸਮਝੌਤਾ ਕਰਵਾ ਦਿੱਤਾ ਗਿਆ ਅਤੇ ਦਰਖਾਸਤਕਰਤਾ ਵੱਲੋਂ ਆਪਣੀ ਆਰਬਿਟਰੇਸ਼ਨ ਦਰਖਾਸਤ ਅੱਜ ਲੋਕ ਅਦਾਲਤ ਵਿੱਚ ਵਾਪਸ ਲੈ ਲਈ ਗਈ।
ਇੱਕ ਹੋਰ 9 ਸਾਲ ਪੁਰਾਣੇ ਕੇਸ ਵਿੱਚ, ਜਿਸ ਵਿੱਚ ਮਿਤੀ 11.10.2012 ਨੂੰ ਸ਼ਿਕਾਇਤਕਰਤਾ ਬਿੱਟੂ ਸਿੰਘ ਵੱਲੋਂ ਕਮਲਾ ਦੇਵੀ ਅਤੇ ਹੋਰਾਂ ਖ਼ਿਲਾਫ਼ ਜੇਰੇ ਧਾਰਾ 323, 324, 506, 34 ਆਈ.ਪੀ.ਸੀ. ਅਤੇ ਜੇਰੇ ਧਾਰਾ 3 ਅਤੇ 4 ਐੱਸ.ਸੀ/ਐੱਸ.ਟੀ ਐਕਟ ਤਹਿਤ ਇਸਤਗਾਸਾ ਦਾਇਰ ਕੀਤਾ, ਜਿਸ ਨੂੰ ਮਾਨਯੋਗ ਜੇ.ਐੱਮ.ਆਈ.ਸੀ. ਰਨਜੀਵ ਪਾਲ ਸਿੰਘ ਚੀਮਾ ਦੁਆਰਾ ਮਿਤੀ 13.07.2017 ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਹੁਕਮ ਖਿਲਾਫ ਸ਼ਿਕਾਇਤਕਰਤਾ ਬਿੱਟੂ ਸਿੰਘ ਦੁਆਰਾ ਉੱਕਤ ਰਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਕਿ ਬਰਜਿੰਦਰ ਪਾਲ ਸਿੰਘ, ਮਾਨਯੋਗ ਵਧੀਕ ਸੈਸ਼ਨਜ ਜੱਜ ਬਰਨਾਲਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਅੱਜ ਲਗਾਈ ਗਈ ਕੌਮੀ ਲੋਕ ਅਦਾਲਤ ਵਿੱਚ ਸ੍ਰੀ ਬਰਜਿੰਦਰ ਪਾਲ ਸਿੰਘ ਦੀਆਂ ਕੋਸ਼ਿਸਾ ਸਦਕਾ ਧਿਰਾਂ ਦਾ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਅਤੇ ਬਿੱਟੂ ਸਿੰਘ ਸ਼ਿਕਾਇਤਕਰਤਾ ਦੁਆਰਾ ਉੱਕਤ ਰਵੀਜ਼ਨ ਪਟੀਸ਼ਨ ਵਾਪਸ ਲੈ ਲਈ ਗਈ।
ਇੱਕ ਹੋਰ 10 ਸਾਲਾਂ ਪੁਰਾਣੇ ਝਗੜੇ ਵਿੱਚ ਦੋ ਦੀਵਾਨੀ ਦਾਅਵੇ (ਫਾਰ ਪੋਜੈਸ਼ਨ ਅਤੇ ਡੈਕਲੇਰੇਸ਼ਨ) ਨੰਬਰ 468 ਮਿਤੀ 07.05.2011 ਅਤੇ 506 ਮਿਤੀ 15.06.2011 ਅਨੁਮਾਨ ਮੁਕੱਦਮਾ ਠਾਕੁਰ ਦਵਾਰਾ ਬਾਹਰਲਾ ਤਪਾ ਬਨਾਮ ਮਧੂ ਸੂਦਨ ਦਾਸ, ਜੋ ਕਿ ਠਾਕੁਰ ਦਵਾਰਾ ਬਾਹਰਲਾ ਤਪਾ ਦੁਆਰਾ ਸੇਵਕ ਦਾਸ ਅਤੇ ਮਧੂ ਸੂਦਨ ਦਾਸ ਖ਼ਿਲਾਫ਼ ਦਾਇਰ ਕੀਤੇ ਗਏ ਸਨ। ਉੱਕਤ ਦੋਵਾਂ ਮੁਕੱਦਮਿਆਂ ਦਾ ਫੈਸਲਾ ਮਿਤੀ 20.04.2019 ਨੂੰ ਮਾਨਯੋਗ ਸਿਵਲ ਜੱਜ (ਸ.ਡ.) ਬਰਨਾਲਾ ਦੀ ਅਦਾਲਤ ਦੁਆਰਾ ਕੀਤਾ ਗਿਆ ਸੀ। ਉੱਕਤ ਜੱਜਮੈਂਟ ਖ਼ਿਲਾਫ਼ ਮਧੂ ਸੂਦਨ ਦਾਸ ਅਤੇ ਸੇਵਕ ਦਾਸ ਦੁਆਰਾ ਦੀਵਾਨੀ ਅਪੀਲਾਂ ਦਾਇਰ ਕੀਤੀਆਂ ਗਈਆਂ ਸਨ ਜੋ ਕਿ ਸ੍ਰੀ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਵਿੱਚ ਵਿਚਾਰ ਅਧੀਨ ਸਨ। ਉਨਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਕੋਮੀ ਲੋਕ ਅਦਾਲਤ ਵਿੱਚ ਪਿਛਲੇ 10 ਤੋਂ ਚੱਲ ਰਹੇ ਧਾਰਮਿਕ ਸਥਾਨ (ਠਾਕੁਰ ਦੁਆਰ ਬਾਹਰਲਾ ਤਪਾ) ਦੇ ਝਗੜੇ ਦਾ ਨਿਪਟਾਰਾ ਕਰਵਾ ਦਿੱਤਾ ਗਿਆ ਅਤੇ ਧਿਰਾਂ ਦੁਆਰਾ ਦੀਵਾਨੀ ਅਪੀਲਾਂ ਵਾਪਸ ਲੈ ਲਈਆਂ ਗਈਆ।
ਸ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ ਨੇ ਜਾਣਾਕਰੀ ਦਿੰਦੇ ਹੋਏ ਦੱਸਿਆ ਕਿ ਲੋਕ ਅਦਾਲਤਾਂ ਦੇ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ ਤੇ ਆਪਸੀ ਸਮਝੌਤੇ ਨਾਲ ਫੈਸਲੇ ਕਰਵਾਏ ਜਾਂਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾਂ ਕੌਮੀ ਲੋਕ ਅਦਾਲਤਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਭਵਿੱਖ ਵਿੱਚ ਮਿਤੀ 11.09.2021 ਅਤੇ 11.12.2021 ਨੂੰ ਲੱਗਣ ਵਾਲੀਆਂ ਲੋਕ ਅਦਾਲਤਾਂ ਵਿੱਚ ਝਗੜਿਆਂ ਦਾ ਸਹਿਮਤੀ ਨਾਲ ਨਿਪਟਾਰਾ ਕਰਵਾਉਣ।