ਮਾਮਲਾ ਝੋਨੇ ਦੀ ਖ਼ਰੀਦ ਰੋਕੇ ਜਾਣ ਦਾ
ਕਿਹਾ, ਮੁੱਖ ਮੰਤਰੀ ਚੰਨੀ ਦੱਸਣ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਮੰਡੀਆਂ ‘ਚੋਂ ਗਾਇਬ ਕਿਉਂ?
ਦੋਸ਼: ਪ੍ਰਤੀ ਕੁਇੰਟਲ 1940 ਐਮ.ਐਸ.ਪੀ ਦੀ ਗਰੰਟੀ ਦੇ ਬਾਵਜੂਦ 1500- 1600 ਰੁਪਏ ‘ਚ ਝੋਨਾ ਵੇਚਣ ਲਈ ਮਜ਼ਬੂਰ ਕਿਸਾਨ
ਸੰਗਰੂਰ, 2 ਅਕਤੂਬਰ
ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚੋਂ ਝੋਨੇ ਦੀ ਫ਼ਸਲ ਖ਼ਰੀਦਣ ‘ਤੇ 11 ਅਕਤੂਬਰ ਤੱਕ ਲਾਈ ਅਚਨਚੇਤ ਰੋਕ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਖ਼ਤ ਇਤਰਾਜ ਜਤਾਉਂਂਦਿਆਂ ਇਸ ਨੂੰ ਬਦਲਾ ਖੋਰੀ ਦੀ ਭਾਵਨਾ ਨਾਲ ਚੁੱਕਿਆ ਨਾਦਰਸ਼ਾਹੀ ਕਦਮ ਕਰਾਰ ਦਿੱਤਾ ਹੈ।
ਹੋਰ ਪੜ੍ਹੋ :-ਪੰਜਾਬ ‘ਚ ਨਿਘਰੀ ਸਰਕਾਰੀ ਸਿਹਤ ਸੇਵਾ ਬਾਰੇ ਨੀਤੀ ਆਯੋਗ ਦੀ ਰਿਪੋਰਟ ਨੇ ਕਾਂਗਰਸ ਅਤੇ ਬਾਦਲਾਂ ਦੀ ਪੋਲ ਖੋਲੀ: ਹਰਪਾਲ ਸਿੰਘ ਚੀਮਾ
ਮਾਨ ਨੇ ਦੋਸ਼ ਲਾਇਆ, ”ਕੇਂਦਰ ਸਰਕਾਰ ਅੰਨ ਦੀ ਪੂਰਤੀ ਲਈ ਪੰਜਾਬ ਕੋਲੋਂ ਇੱਕ ਬਲਦ ਵਾਂਗ ਕੰਮ ਲੈ ਕੇ ਹੁਣ ਉਸ ਨੂੰ ਲਾਵਾਰਸ ਛੱਡ ਰਹੀ ਹੈ, ਨਤੀਜੇ ਵਜੋਂ ਫੂਡ ਕਾਰੋਪਰੇਸ਼ਨ ਆਫ਼ ਇੰੰਡੀਆਂ (ਐਫ.ਸੀ.ਆਈ) ਨੇ ਤੁਰੰਤ ਪ੍ਰਭਾਤ ਤੋਂ ਸੂਬੇ ‘ਚੋਂ ਝੋਨਾ ਖ਼ਰੀਦਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਇਹੋ ਰਾਹ ਪੰਜਾਬ ਸਰਕਾਰ ਤੁਰੀ ਹੋਈ ਹੈ। ਕੁਰਸੀ ਦੀ ਲੜਾਈ ‘ਚ ਕਿਸਾਨ ਮੰਡੀਆਂ ‘ਚ ਰੁਲਣ ਲੱਗਾ ਹੈ। ਪੰਜਾਬ ਸਰਕਾਰ ਅਤੇ ਇਸ ਦੀਆਂ ਖ਼ਰੀਦ ਏਜੰਸੀਆਂ ਮੰਡੀਆਂ ‘ਚੋਂ ਗਾਇਬ ਹਨ।”
ਸ਼ਨੀਵਾਰ ਨੂੰ ਇੱਥੇ ਆਪਣੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ 1500 ਤੋਂ 1600 ਰੁਪਏ ਪ੍ਰਤੀ ਕੁਇੰਟਨ ਝੋਨਾ ਵੇਚਣ ਲਈ ਮਜ਼ਬੂਰ ਹੋ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਝੋਨਾ ਦਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ) 1940 ਰੁਪਏ ਤਹਿ ਕੀਤਾ ਹੈ। ਕਿਉਂਕਿ ਪੰਜਾਬ ਦੇ 90 ਫ਼ੀਸਦੀ ਕਿਸਾਨ ਆਪਣੀ ਫ਼ਸਲ ਨੂੰ ਘਰ (ਸਟੋਰ) ਵਿੱਚ ਨਹੀਂ ਰੱਖ ਸਕਦੇ ਅਤੇ ਉਨਾਂ ਨੂੰ ਫ਼ਸਲ ਵੇਚਣੀ ਹੀ ਪੈਂਦੀ ਹੈ।
ਮਾਨ ਨੇ ਕਿਹਾ, ”ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕਰਦੇ ਹਨ, ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਖ਼ਰੀਦਣ ਤੋਂ ਮੁਕਰ ਰਹੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਬਦਲਾ ਖੋਰੀ ਦੀ ਭਾਵਨਾ ਨਾਲ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।” ਮਾਨ ਨੇ ਕਿਹਾ ਕਿ ਆਪਣੀ ਸੋਨੇ ਵਰਗੀ ਮਿੱਟੀ ਤੇ ਚਾਂਦੀ ਵਰਗੇ ਪਾਣੀ ਦੀ ਕੀਮਤ ‘ਤੇ ਪੰਜਾਬ 90 ਫ਼ੀਸਦੀ ਚੌਲ ਸੂਬੇੇ ਤੋਂ ਬਾਹਰ ਭੇਜਦਾ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਖਾਣਾ ਮਿਲ ਸਕੇ। ਉਨਾਂ ਕਿਹਾ 1 ਕਿਲੋ ਚੌਲ ਪੈਦਾ ਕਰਨ ਲਈ ਪੰਜਾਬ 3800 ਲੀਟਰ ਪਾਣੀ ਖ਼ਰਚ ਕਰਦਾ ਹੈ, ਜਿਸ ਕਾਰਨ ਪੰਜਾਬ ਦਾ ਪਾਣੀ ਖ਼ਤਮ ਹੋ ਗਿਆ ਹੈ ਅਤੇ ਜ਼ਮੀਨ ਤੇ ਆਬੋ-ਹਵਾ ਗੰਧਲੇ ਹੋ ਗਏ ਹਨ।
ਮਾਨ ਨੇ ਕਿਹਾ ਕਿ ਫ਼ਸਲ ਵੇਚਣ ਸਮੇਂ ਜ਼ਮੀਨ ਦੀ ਫ਼ਰਦ ਲਿਆਉਣ ਦੇ ਹੁਕਮਾਂ ਨਾਲ ਕਿਸਾਨਾਂ ਅਤੇ ਪਰਵਾਸੀ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹੀ ਤਰੀਕਿਆਂ ਨਾਲ ਸਰਕਾਰ ਚਲਾ ਰਹੇ ਹਨ ਅਤੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।
ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਮੋਦੀ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਵਿਰੁੱੱਧ ਤੁਰੰਤ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾਵੇ। ਉਨਾਂ ਕਿਹਾ, ”ਚੰਨੀ ਸਰਕਾਰ ਨੂੰ ਬੇਨਤੀ ਹੈ ਕਿ ਕੁਰਸੀ ਜਾਂ ਪ੍ਰਧਾਨਗੀ ਬਚਾਉਣ ਲਈ ਬਾਅਦ ਵਿੱਚ ਲੜ ਲੈਣਾ ਅਤੇ ਦਿੱਲੀ ਦਰਬਾਰ ਦੇ ਗੇੜੇ ਬੰਦ ਕਰਕੇ ਤੁਰੰਤ ਝੋਨੇ ਦੀ ਫ਼ਸਲ ਖ਼ਰੀਦਣ ਦੇ ਪ੍ਰਬੰਧ ਕਰੋ।” ਉਨਾਂ ਦੋਸ਼ ਲਾਇਆ ਕਿ ਕਿਉਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਦੀਆਂ? ਕਿਉਂ ਪੰਜਾਬ ਦੀਆਂ ਏਜੰਸੀਆਂ ਵੀ ਮੰਡੀਆਂ ਛੱਡ ਕੇ ਭੱਜ ਗਈਆਂ ਹਨ? ਸਪੱਸ਼ਟ ਹੈ ਕਿ ਕੁਰਸੀ ਦੀ ਲੜਾਈ ‘ਚ ਪੰਜਾਬ ਸਰਕਾਰ ਖ਼ਰੀਦ ਪ੍ਰਬੰਧ ਹੀ ਮੁਕੰਮਲ ਨਹੀਂ ਕਰ ਸਕੀ।
ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਮੌਜ਼ੂਦਾ ਕਾਂਗਰਸ ਸਰਕਾਰ ‘ਚ ਧੜੱਲੇ ਨਾਲ ਬਿਹਾਰ, ਉਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਿਆਂ ਜਾਂਦਾ ਰਿਹਾ ਹੈ, ਜਿਸ ਕਾਰਨ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਦੀ ਕੁੱਲ ਉਪਜ ਤੋਂ ਜ਼ਿਆਦਾ ਝੋਨਾ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ।
ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਅਲੀ ਬਾਬਾ ਤਾਂ ਲਾਹ ਦਿੱਤਾ, ਪਰ ਬਾਕੀ ਚੋਰ ਉਹੀ ਹਨ। ਮਹਾਂਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ ਸਾਰੇ ਸਰਕਾਰ ਵਿੱਚ ਹਨ।” ਉਨਾਂ ਸਵਾਲ ਕੀਤਾ ਕਿ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇਣ ਅਤੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦੀ ਗੱਲ ਕਿਉਂ ਨਹੀਂ ਕਰਦੀ?
ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰੇਗੀ।