ਮੀਂਹ ਦੀ ਸੰਭਾਵਨਾ, ਲੂ ਤੋਂ ਮਿਲੂਗੀ ਰਾਹਤ: ਕ੍ਰਿਸ਼ੀ ਵਿਗਿਆਨ ਕੇਂਦਰ 

ਹੰਡਿਆਇਆ/ਬਰਨਾਲਾ, 14 ਜੂਨ  :-  

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕਿਸਾਨਾਂ ਨਾਲ ਮੀਂਹ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ 16 ਜੂਨ ਤੋਂ 18 ਜੂਨ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ। ਉਹਨਾਂ ਨੇ ਦੱਸਿਆ ਕਿ ਇਹ ਸਮਾਂ ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਾਉਣ ਦਾ ਵੀ ਢੁਕਵਾਂ ਸਮਾਂ ਹੈ ਅਤੇ ਮੀਂਹ ਦਾ ਪਾਣੀ ਖੇਤ ਵਿੱਚ ਕੱਦੂ ਕਰਨ ਲਈ ਵੀ ਕਾਫ਼ੀ ਸਹਾਈ ਹੋਵੇਗਾ। ਖੇਤੀ ਮੌਸਮ ਮਾਹਿਰ ਜਗਜੀਵਨ ਸਿੰਘ ਨੇ ਦੱਸਿਆ ਕਿ ਮੀਂਹ ਦੇ ਨਾਲ ਲੋਕਾਂ ਨੂੰ ਲੂ ਤੋਂ ਕਾਫੀ ਰਾਹਤ ਮਿਲੂਗੀ। ਉਹਨਾਂ ਨੇ ਕਿਸਾਨਾਂ ਨੂੰ ਫਿਲਹਾਲ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਤਾਂ ਜੋ ਫ਼ਸਲ ਕਰੰਡ ਨਾ ਹੋਵੇ। ਉਹਨਾਂ ਨੇ ਦੱਸਿਆ ਕਿ ਬੀਜ ਤਿਆਰ ਕਰਨ ਲਈ ਰੱਖੇ ਬਰਸੀਮ ਅਤੇ ਸੱਠੀ ਮੂੰਗੀ ਦੀ ਪੱਕੀ ਫ਼ਸਲ ਦੀ ਕਿਸਾਨ ਕਟਾਈ ਕਰ ਲੈਣ ਤਾਂ ਜੋ ਮੀਂਹ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇ. ਵੀ. ਕੇ. ਹੰਡਿਆਇਆ, ਬਰਨਾਲਾ ਕਿਸਾਨਾਂ ਨੂੰ ਲਗਾਤਾਰ ਮੌਸਮ ਦੀ ਜਾਣਕਾਰੀ ਦੇ ਕੇ ਸੁਚੇਤ ਕਰਦਾ ਰਹਿੰਦਾ ਹੈ, ਇਸ ਲਈ ਕਿਸਾਨ ਫ਼ਸਲ ਦੀ ਬਿਜਾਈ, ਖੇਤ ਨੂੰ ਪਾਣੀ ਲਾਉਣ ਅਤੇ ਸਪਰੇਅ ਕਰਨ ਤੋਂ ਪਹਿਲਾਂ ਮੀਂਹ ਦੀ ਭਵਿੱਖਬਾਣੀ ਬਾਰੇ ਜ਼ਰੂਰ ਜਾਣਕਾਰੀ ਲੈਣ।