ਗੁਰਮੀਤ ਸਿੰਘ ਮੀਤ ਹੇਅਰ ਅਤੇ ਚੇਤਨ ਸਿੰਘ ਜੌੜਾ ਮਾਜਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ -ਚੀਮਾ
ਘੋੜ ਸਵਾਰੀ ਨੂੰ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਕੀਤਾ ਜਾਵੇਗਾ ਸ਼ਾਮਿਲ : ਮੀਤ ਹੇਅਰ
ਐਸ.ਏ.ਐਸ. ਨਗਰ 4 ਨਵੰਬਰ 2022
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਤਹਿਤ ਅੱਜ ਬੱਬੀ ਬਾਦਲ ਫਾਊਂਡੇਸ਼ਨ “ਦਾ ਰੈਂਚ” ਦੀ ਅਗਵਾਈ ਵਿੱਚ ਕਰਵਾਏ ਗਏ ਚੰਡੀਗੜ੍ਹ ਹੋਰਸ ਸ਼ੋਅ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ ਤਾਂ ਜੋ ਪੰਜਾਬ ਵਿੱਚੋਂ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਣ।
ਹੋਰ ਪੜ੍ਹੋ – ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ – ਗੁਰਭਜਨ ਗਿੱਲ
ਇਸ ਮੌਕੇ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਵਿਰਾਸਤੀ ਖੇਡ ਘੋੜ ਸਵਾਰੀ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ੇਸ਼ ਸਥਾਨ ਦੇਣ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਇਸ ਖੇਡ ਵਿੱਚ ਵੀ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਵਿਖਾ ਸਕੇ ਕਿਉਂਕਿ ਘੋੜ ਸਵਾਰੀ ਦਾ ਪੰਜਾਬ ਵਿੱਚ ਸ਼ਾਨਾ ਮੱਤਾ ਇਤਿਹਾਸ ਰਿਹਾ ਹੈ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਬੱਬੀ ਬਾਦਲ ਫਾਊਂਡੇਸ਼ਨ “ਦਾ ਰੈਂਚ” ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਰਾਤਨ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ ਇਸ ਨਾਲ ਘੋੜ ਸਵਾਰੀ ਖੇਡ ਨੌਜ਼ਵਾਨਾਂ ਵਿਚ ਉਤਸ਼ਾਹਿਤ ਹੋਵੇਗੀ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਸ਼ੋਅ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵਧੀਆਂ ਘੋੜ ਸਵਾਰ ਨਿਖਰ ਕੇ ਸਾਹਮਣੇ ਆਉਣਗੇ, ਜੋ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਹੋਰਸ ਸ਼ੋਅ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਘੋੜ ਸਵਾਰੀ ਖੇਡ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਹਰ ਪੱਖੋਂ ਖੇਡਾਂ ਵਿਚ ਨੰਬਰ ਵਨ ਸੂਬਾ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਖੇਡ ਕਲਚਰ ਨੂੰ ਰਵਾਇਵ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਮੌਜ਼ੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 8 ਮਹੀਨਿਆਂ ਦੌਰਾਨ ਹੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਵੱਡੇ ਪੱਧਰ ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਘੋੜ ਸਵਾਰੀ ਖੇਡ ਅਜਿਹੀ ਖੇਡ ਜੋ ਸਾਨੂੰ ਆਪਣੇ ਗੁਰੂਆਂ ਕੋਲੋਂ ਮਿਲੀ ਹੈ ਅਤੇ ਹਰੇਕ ਨੌਜਵਾਨ ਨੂੰ ਇਹ ਖੇਡ ਖੇਡਣੀ ਚਾਹੀਦੀ ਹੈ।
ਇਸ ਮੌਕੇ ਤੇ ਬੋਲਦਿਆਂ “ਦਾ ਰੈਂਚ” ਦੀ ਟੀਮ ਦੇ ਪ੍ਰਬੰਧਕ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਘੋੜ ਸਵਾਰੀ ਨੂੰ ਉਤਸ਼ਾਹਿਤ ਕਰਨ ਲਈ ਬੱਬੀ ਬਾਦਲ ਫਾਊਂਡੇਸ਼ਨ ਵੱਲੋਂ ਸਮੇਂ ਸਮੇਂ ਹੋਰ ਵੀ ਲੋੜੀਂਦੇ ਕਾਰਜ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਅਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਸ਼ੋਅ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘੋੜ ਸਵਾਰੀ ਸ਼ੋਅ 7 ਦਿਨਾਂ ਤੱਕ ਚੱਲੇਗਾ ਜਿਸ ਦਾ ਖਾਸ ਆਕਰਸ਼ਣ ਆਖਰੀ ਦਿਨ ਦੀ ਓਪਨ ਹਾਰਸ ਨਿਲਾਮੀ ਹੋਵੇਗੀ ਜਿਸ ਵਿੱਚ ਵਾਰਮ ਬਲੱਡ, ਅਰਬੀ, ਜਿਪਸੀਜ ,ਮਾਰਵਾੜੀ , ਮਿਨੀਏਚਰ ਪੋਨੀਜ਼ ਆਦਿ ਨਸਲ ਦੇ ਘੋੜੇ ਪੇਸ਼ ਕੀਤੇ ਜਾਣਗੇ।
ਉਨ੍ਹਾਂ ਦੇ ਫਾਊਂਡੇਸ਼ਨ ਦੇ ਮੈਂਬਰਾ ਰਜਿੰਦਰ ਸਿੰਘ, ਰਣਜੀਤ ਸਿੰਘ ਬਰਾੜ,ਦੀਪਇੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੋਅ ਵਿੱਚ ਆਈ.ਟੀ.ਬੀ.ਪੀ ਵੱਲੋਂ ਕਰਵਾਇਆ ਗਿਆ ਡੋਗ ਸ਼ੋਅ ਵੀ ਅਕਸ਼ਣ ਦਾ ਕੇਂਦਰ ਰਿਹਾ।
ਇਸ ਮੌਕੇ ਐਸ.ਡੀ.ਐਮ. ਖਰੜ ਸ੍ਰੀ ਰਵਿੰਦਰ ਸਿੰਘ ,ਡੀ.ਐਸ.ਪੀ. ਧਰਮਵੀਰ ਸਿੰਘ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਲ ਸਨ।