ਐਸ.ਏ.ਐਸ ਨਗਰ 31 ਜਨਵਰੀ 2022
ਪਿਛਲੇ ਕੁੱਝ ਦਿਨਾਂ ਤੋਂ ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਣ ਤੇ ਬੱਦਲਵਾਈ ਰਹਿਣ ਕਰਕੇ ਅਤੇ ਭਾਰੀ ਮੀਂਹ ਹੋਣ ਨਾਲ ਖੇਤਾਂ ਵਿੱਚ ਪਾਣੀ ਖੜ੍ਹ ਗਿਆ ਹੈ ਅਤੇ ਪਾਣੀ ਦੀ ਨਿਕਾਸੀ ਵਿੱਚ ਔਖਿਆਈ ਪੇਸ਼ ਆ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਸ੍ਰੀ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਲਗਾਤਾਰ ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਣ ਭੋਜਨ ਪ੍ਰਣਾਲੀ ਰੁਕੀ ਹੋਈ ਹੈ ਅਤੇ ਪਾਣੀ ਖੜ੍ਹੇ ਹੋਣ ਨਾਲ ਜ਼ਮੀਨ ਵਿੱਚ ਆਕਸੀਜਨ ਦੀ ਕਮੀ ਕਰਕੇ ਪੌਦੇ ਨੂੰ ਖੁਰਾਕੀ ਤੱਤ ਪ੍ਰਾਪਤ ਨਹੀ ਹੋ ਰਹੇ ਹਨ।
ਉਨ੍ਹਾਂ ਕਿਸਾਨਾ ਨੂੰ ਦੱਸਿਆ ਕਿ ਜਿਨ੍ਹਾਂ ਖੇਤਾਂ ਵਿੱਚ ਹਾਲੇ ਵੀ ਪਾਣੀ ਖੜਾ ਹੈ, ਉਹਨਾਂ ਖੇਤਾਂ ਦੇ ਖਾਲਿਆਂ ਵਿੱਚ 3-4 ਫੁੱਟ ਦੂਰੀ ਤੇ ਬਾਂਸ ਬੋਕੀ ਨਾਲ 4 ਤੋਂ 5 ਫੁੱਟ ਡੁੰਘੇ ਬੋਰ ਕੀਤੇ ਜਾਣ ਤਾਂ ਜੋ ਪਾਣੀ ਦੀ ਨਿਕਾਸੀ ਹੇਠਲੇ ਪੱਧਰ ਵਿੱਚ ਹੋ ਸਕੇ, ਫਿਰ ਵੀ ਖੜੇ ਪਾਣੀ ਵਿੱਚ ਬੈਟੋਨਾਈਟ ਸਲਫਰ 10 ਕਿਲੋ ਪ੍ਰਤੀ ਏਕੜ ਪਾਉਣ ਨਾਲ ਕੁੱਝ ਹੱਦ ਤੱਕ ਪਾਣੀ ਖੇਤਾਂ ਵਿੱਚ ਜਜ਼ਬ ਹੋ ਸਕਦਾ ਹੈ।
ਉਨ੍ਹਾਂ ਕਿਹਾ ਸਲਫਰ ਦੇ ਛਿੜਕਾਅ ਸਮੇ ਪੱਤੀਆਂ ਤੇ ਛਿੜਕਾਅ ਤੋਂ ਪ੍ਰਹੇਜ ਕੀਤਾ ਜਾਵੇ ਭਾਵ ਦੁਪਹਿਰ ਤੋਂ ਬਾਅਦ ਇਸਦਾ ਛਿੱਟਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕਣਕ ਦੇ ਹੇਠਲੇ ਪੱਤੀਆਂ ਵਿੱਚ ਪੀਲੇਪਣ ਵੇਖਣ ਵਿੱਚ ਆ ਰਿਹਾ ਹੈ ਜੋ ਕਿ ਨਾਈਟੌ੍ਰਜਨ ਤੱਤ ਦੀ ਕਮੀ ਕਰਕੇ ਹੈ। ਉਨ੍ਹਾਂ ਕਿਹਾ ਜਿਨ੍ਹਾ ਜਲਦੀ ਤੋਂ ਜਲਦੀ ਹੋ ਸਕੇ ਯੂਰੀਆਂ ਦੇ ਛਿੱਟੇ ਦੀ ਥਾਂ ਤਿੰਨ ਪ੍ਰਤੀਸਤ ਘੋਲ ਵਿੱਚ ਸਪਰੇਅ ਕੀਤਾ ਜਾਵੇ। ਇਸ ਵਾਸਤੇ ਤਿੰਨ ਕਿਲੋ ਯੂਰੀਆ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਕਣਕ ਦੀ ਬਿਹਤਰੀ ਲਈ ਜਿੰਨੀ ਜਲਦੀ ਹੋ ਸਕੇ ਸਪਰੇਅ ਕੀਤਾ ਜਾਵੇ ਅਤੇ 3-4 ਦਿਨਾਂ ਦੇ ਵਕਫੇ ਉਪਰੰਤ 1 ਕਿਲੋ ਯੂਰੀਆਂ ਸਮੇਤ 500 ਗ੍ਰਾਮ ਮੈਗਨੀਸ਼ੀਅਮ ਸਲਫੇਟ ਅਤੇ 1 ਕਿਲੋ ਮੈਨਗਨੀਸ਼ ਸਲਫੇਟ ਦਾ ਇੱਕਠਾ ਸਪਰੇਅ ਕਰਨ ਨਾਲ ਕਣਕ ਦੀ ਫਸਲ ਮੁੜ ਸਰਜੀਤ ਹੋਣੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿਸਾਨਾਂ ਨੂੰ ਕਿਸੇ ਤਰ੍ਰਾਂ ਦੀ ਔਕੜ ਪੇਸ਼ ਆਉਣ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਲੋੜੀ ਹਿਉਕਿਮ ਏਸੀਡ, ਟੋਨੀਕ ਆਦਿ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।