ਜਲੰਧਰ, 2 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਕਰਨ ਦਾ ਇਤਿਹਾਸਕ ਫੈਸਲਾ ਲੈ ਕੇ ਆਮ ਜਨਤਾ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਹ ਪ੍ਰਗਟਾਵਾ ਸਿੱਖਿਆ, ਖੇਡ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਅੱਜ ਇਥੇ ਗੱਲਬਾਤ ਕਰਦਿਆਂ ਕੀਤਾ।
ਹੋਰ ਪੜ੍ਹੋ :-ਵੋਟਰ ਹੈਲਪਲਾਈਨ ਐਪ ਵੋਟਰ ਸੂਚੀ ਵਿੱਚ ਨਾਮ ਅਤੇ ਹੋਰ ਵੇਰਵੇ ਲੱਭਣ ਲਈ ਹੋਵੇਗੀ ਸਹਾਈ
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਜਲੀ ਦਰਾਂ ਵਿੱਤ ਕਟੌਤੀ ਕਰਕੇ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 100 ਯੂਨਿਟ ਤੱਕ 4 ਰੁਪਏ 19 ਪੈਸੇ ਤੋਂ ਘਟਾਕੇ 1 ਰੁਪਏ 19 ਪੈਸੇ, 300 ਯੁਨਿਟ ਤੱਕ 7 ਰੁਪਏ ਦੀ ਥਾਂ 4 ਰੁਪਏ ਅਤੇ ਹੋਰ ਸਲੈਬਾਂ ਵਿਚ ਵੀ ਇਸੇ ਤਰੀਕੇ 3 ਰੁਪਏ ਦੀ ਕਟੌਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਇਹ ਲਾਭ ਦੇਣ ਨਾਲ ਪੰਜਾਬ ਸਰਕਾਰ ’ਤੇ ਹਰ ਸਾਲ 3316 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਹ ਸਹੂਲਤ 07 ਕਿਲੋਵਾਟ ਤੱਕ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਨਾਲ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ 11 ਫ਼ੀਸਦੀ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਜਿਸ ਵੱਲੋਂ ਸੂਬੇ ਗਰੀਬ ਅਤੇ ਕਮਜ਼ੋਰ ਲੋਕਾਂ ਸਮੇਤ ਹਰ ਵਰਗ ਦੀ ਭਲਾਈ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।
ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ 2 ਕਿਲੋਵਾਟ ਵਾਲੇ ਸਾਰੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ, ਪਿੰਡਾਂ ਵਿੱਚ ਪਾਣੀ ਦਾ ਬਿੱਲ ਅਗਾਂਹ ਤੋਂ 50 ਰੁਪਏ ਤੱਕ ਮਹਿਦੂਦ ਕਰਨ, ਲਾਲ ਲਕੀਰ ਅੰਦਰ ਘਰਾਂ ਦੇ ਮਾਲਕਾਂ ਨੂੰ ਮਾਲਕਾਨਾ ਹੱਕ ਦੇਣ ਵਰਗੇ ਲੋਕ ਪੱਖੀ ਫੈਸਲੇ ਲਏ ਗਏ ਹਨ, ਜਿਸ ਸਦਕਾ ਜਿਥੇ ਸੂਬੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਪੰਜਾਬ ਕਾਂਗਰਸ ਸਰਕਾਰ ਦੇ ਇਸ ਇਤਿਹਾਸਿਕ ਫੈਸਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।