ਪੰਜਾਬ ਦੇ ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ

ਸੂਬੇ ਵਿਚ ਜਨਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 29 ਜੂਨ, 2020 ਤੱਕ ਹੋਵੇਗਾ

ਚੰਡੀਗੜ੍ਹ, 10 ਦਸੰਬਰ :

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਗਲਵਾਰ ਨੂੰ ਇੱਥੇ ਸੂਬਾ ਪੱਧਰੀ ਕੋਆਡੀਨੇਸ਼ਨ ਕਮੇਟੀ  ਵਿਖੇ ਜਨਗਣਨਾ-2021 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਨਗਣਨਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਅਧੀਨ 15 ਮਈ ਤੋਂ 29 ਜੂਨ, 2020 ਤੱਕ ਘਰਾਂ ਦੀ ਗਣਨਾ ਕਰਨ ਦੇ ਨਾਲ-ਨਾਲ ਰਾਸ਼ਟਰੀ ਜਨਸੰਖਿਆ ਰਜਿਸਟਰ ਅਪਡੇਟ ਕੀਤਾ ਜਾਵੇਗਾ। ਦੂਜੇ ਪੜਾਅ ਵਿੱਚ 9 ਤੋਂ 28 ਫਰਵਰੀ, 2021 ਤੱਕ ਜਨਸੰਖਿਆ ਗਣਨਾ ਕੀਤੀ ਜਾਵੇਗੀ ਅਤੇ 1 ਤੋਂ 5 ਮਾਰਚ 2021 ਤੱਕ ਸੁਧਾਈ ਕੀਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਕੀ ਇਕਾਈਆਂ ਦੀਆਂ ਹੱਦਾਂ 31 ਦਸੰਬਰ, 2019 ਤੋਂ ਬਾਅਦ ਵਧਾਈਆਂ ਨਹੀਂ ਜਾ ਸਕਣਗੀਆਂ। ਇਸ ਨਾਲ ਸੂਬੇ ਵਿੱਚ ਜਨਗਣਨਾ 2021 ਮੁਕੰਮਲ ਹੋਣ ਤੱਕ ਮੌਜੂਦਾ ਨਗਰ ਪਾਲਿਕਾਵਾਂ, ਪਿੰਡਾਂ, ਤਹਿਸੀਲਾਂ, ਵਿਕਾਸ ਬਲਾਕਾਂ, ਸਬ ਡਵੀਜ਼ਨਾਂ, ਜ਼ਿਲ੍ਹਿਆਂ ਆਦਿ ਦੀਆਂ ਹੱਦਾਂ ਵਿੱਚ ਕੋਈ ਵੀ ਤਬਦੀਲੀ ਕਰਨ ‘ਤੇ ਪਾਬੰਦੀ ਹੋਵੇਗੀ।

ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਮਾਸਟਰ ਟਰੇਨਰਾਂ ਨੂੰ ਮੈਗਸੀਪਾ, ਚੰਡੀਗੜ੍ਹ ਵਿਖੇ 16 ਤੋਂ 21 ਦਸੰਬਰ, 2019 ਤੱਕ ਸਿਖਲਾਈ ਦਿੱਤੀ ਜਾਵੇਗੀ। ਜਨਗਣਨਾ 2021 ਦੇ ਫੀਲਡ ਦੇ ਕੰਮ ਲਈ ਜਨਗਣਨਾ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਜਿਨ੍ਹਾਂ ਵਿੱਚ ਸੂਬਾ ਸਰਕਾਰ ਦੇ ਅਧਿਕਾਰੀ, ਕਲਰਕ ਅਤੇ ਅਧਿਆਪਕ, ਸਥਾਨਕ ਅਥਾਰਟੀਆਂ ਆਦਿ ਸ਼ਾਮਲ ਹਨ, ਦੀ ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਨੂੰ ਇਸ ਸਬੰਧੀ 4 ਦਿਨ ਦੀ ਸਿਖਲਾਈ ਦਿੱਤੀ ਜਾਵੇਗੀ। ਜਨਗਣਨਾ ਦੀ ਪ੍ਰਕਿਰਿਆ ਨੂੰ ਦੁਭਾਸ਼ੀ ਮੋਬਾਈਲ ਐਪ ਅਤੇ ਪੇਪਰ ਫਾਰਮੈਟ ਦੀ ਸਹਾਇਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਘਰਾਂ ਦੀ ਸੂਚੀ ਤਿਆਰ ਕਰਨ ਸਮੇਂ ਮੈਪ/ਜੀਓ-ਰੈਫਰੈਂਸਿੰਗ ਦੀ ਵਰਤੋਂ ਕਰਨਾ ਵੀ ਵਿਚਾਰ ਅਧੀਨ ਹੈ।

ਮੁੱਖ ਸਕੱਤਰ ਨੇ ਜਨਗਣਨਾ 2021 ਦੀ ਰੂਪ ਰੇਖਾ ਸਬੰਧੀ ਵਿਚਾਰ-ਚਰਚਾ ਕੀਤੀ ਅਤੇ ਡਿਜ਼ਾਇਨ ਅਤੇ ਤਕਨੀਕਾਂ ਵਿੱਚ ਸੁਧਾਰ ਕਰਨ  ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਜਨਗਣਨਾ ਦੇ ਅਮਲ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ।

ਇਸ ਮੀਟਿੰਗ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਸੀਮਾ ਜੈਨ, ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਏ. ਵੇਣੂੰ ਪ੍ਰਸਾਦ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਵਿਸ਼ੇਸ਼ ਸਕੱਤਰ ਯੋਜਨਾ ਡੀ.ਐਸ. ਮਾਂਗਟ ਅਤੇ ਵਧੀਕ ਸਕੱਤਰ ਮਾਲ ਕੈਪਟਨ ਕਰਨੈਲ ਸਿੰਘ ਵੀ ਹਾਜ਼ਰ ਸਨ।

ਡਾਇਰੈਕਟਰ ਜਨਗਣਨਾ ਪੰਜਾਬ ਅਤੇ ਚੰਡੀਗੜ੍ਹ ਡਾ. ਅਭਿਸ਼ੇਕ ਜੈਨ ਨੇ ਅਗਾਊਂ ਮੁਕੰਮਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਜੁਆਇੰਟ ਡਾਇਰੈਕਟਰ ਮਰਿਤੁੰਨਜੇ ਕੁਮਾਰ ਅਤੇ ਜਨਗਣਨਾ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਭਾਗ ਲਿਆ।