ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

State Reforms Action Plan (SRAP)

ਕਿਹਾ: ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ
ਚੰਡੀਗੜ੍ਹ, 24 ਨਵੰਬਰ:
ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਰਾਜ ਸੁਧਾਰ ਕਾਰਜ ਯੋਜਨਾ (ਐਸਆਰਏਪੀ) 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨਿਕ ਸਕੱਤਰਾਂ ਨੂੰ ਡੀਪੀਆਈਆਈਟੀ ਵਲੋਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਨਿਯਮਾਂ ਦੀ ਪਾਲਣਾ ਕਰਨ ਅਤੇ 31 ਦਸੰਬਰ, 2020 ਤੱਕ ਟੀਚੇ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਵਿਭਾਗ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੇ ਸੂਬੇ ਦੇ ਉਦੇਸ਼ ਦੀ ਤਰਜ਼ ‘ਤੇ ਆਮ ਜਨਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ ਲਈ ਆਪਣੀ ਕੁਸ਼ਲਤਾ ਵਾਧਾ ਕਰਨ।
ਇਹ ਸੁਧਾਰ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ), ਭਾਰਤ ਸਰਕਾਰ ਦੁਆਰਾ ਰਾਜ ਸੁਧਾਰ ਕਾਰਜ ਯੋਜਨਾ (ਐਸਆਰਏਪੀ) 2020-21 ਦੇ ਹਿੱਸੇ ਵਜੋਂ ਸੁਝਾਏ ਗਏ ਹਨ।
ਸ੍ਰੀਮਤੀ ਮਹਾਜਨ ਨੇ ਸਬੰਧਤ ਵਿਭਾਗਾਂ ਨੂੰ ‘ਉਦਯੋਗ ਸੰਪਰਕ’ ਮੁਹਿੰਮ ਦੀ ਲੜੀ ਤਹਿਤ ਸੂਬੇ ਅਤੇ ਜ਼ਿਲ੍ਹਾ ਦੋਵਾਂ ਪੱਧਰਾਂ ‘ਤੇ ਉਦਯੋਗਾਂ ਤੱਕ ਪਹੁੰਚ ਲਈ ਵਰਕਸ਼ਾਪਾਂ/ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਕਾਰਜਾਂ ਅਤੇ ਸੇਵਾਵਾਂ ਲਈ ਵਿਆਪਕ ਉਪਭੋਗਤਾ ਪਹੁੰਚ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀਮਤੀ ਮਹਾਜਨ ਨੇ ਉਦਯੋਗਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਭਾਗਾਂ ਅਤੇ ਏਜੰਸੀਆਂ ਦੇ ਕਈ ਇਲੈਕਟ੍ਰਾਨਿਕ ਇੰਟਰਫੇਸਾਂ ਨੂੰ ਖ਼ਤਮ ਕਰਨ ਅਤੇ ‘ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ’ ਨੂੰ ਯੂਨੀਫਾਈਡ ਪੋਰਟਲ ਵਜੋਂ ਵਰਤਣ ਅਤੇ 30 ਨਵੰਬਰ, 2020 ਤੱਕ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ।
ਮੁੱਖ ਸਕੱਤਰ ਨੇ ਦੱਸਿਆ ਕਿ ਡੀਪੀਆਈਆਈਟੀ ਵੱਲੋਂ ਸੁਝਾਏ ਗਏ ਕੁੱਲ ਸੁਧਾਰਾਂ ਵਿਚੋਂ 85 ਫ਼ੀਸਦੀ ਸੁਧਾਰ ਪਹਿਲਾਂ ਹੀ ਸਬੰਧਤ ਵਿਭਾਗਾਂ ਦੁਆਰਾ ਲਾਗੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਡੀਪੀਆਈਆਈਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 31-12-2020 ਤੋਂ ਪਹਿਲਾਂ ਬਕਾਇਆ ਸੁਧਾਰ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਨੂੰ ਉਮੀਦ ਹੈ ਕਿ ਇਸ ਸਾਲ ‘ਈਜ਼ ਆਫ ਡੂਇੰਗ ਬਿਜ਼ਨਸ’ ਵਿੱਚ ਚੰਗੀ ਰੈਂਕਿੰਗ ਹਾਸਲ ਹੋਵੇਗੀ।

Spread the love