ਮਾਪਿਆਂ ਨੂੰ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਾਉਣ ਦੀ ਅਪੀਲ
ਬਰਨਾਲਾ, 16 ਨਵੰਬਰ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨੰਨੇ ਮੁੰਨੇ ਬਾਲਾਂ ਦੇ ਬਾਲ ਮੇਲਿਆਂ ਨਾਲ ਭਲਕ ਤੋਂ ਵਿੱਦਿਅਕ ਸੈਸ਼ਨ 2022-23 ਦੇ ਦਾਖਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਨਵੇਂ ਵਿੱਦਿਅਕ ਸੈਸ਼ਨ ਦੇ ਦਾਖਲਿਆਂ ਦੀ ਸ਼ੁਰੂਆਤ 17 ਨਵੰਬਰ ਤੋਂ ਕੀਤੀ ਜਾਵੇਗੀ। ਜ਼ਿਲੇ ਦੇ ਪ੍ਰਾਇਮਰੀ ਸਕੂਲਾਂ ਵੱਲੋਂ ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬਾਲ ਮੇਲੇ ਲਗਾ ਕੇ ਮਾਪਿਆਂ ਨੂੰ ਬੱਚਿਆਂ ਦੀ ਬਹੁਪੱਖੀ ਪ੍ਰਤਿਭਾ ਤੋਂ ਜਾਣੂ ਕਰਵਾਇਆ ਜਾਵੇਗਾ।
ਹਰ ਸਕੂਲ ਵੱਲੋਂ ਪੰਜ ਸਟਾਲ ਲਗਾ ਕੇ ਵਿਦਿਆਰਥੀਆਂ ਦੇ ਸਰੀਰਕ, ਭਾਸ਼ਾਈ, ਬੌਧਿਕ ਤੇ ਰਚਨਾਤਮਕ ਵਿਕਾਸ ਦਰਸਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਮਾਪਿਆਂ ਨਾਲ ਸਾਂਝੇ ਕੀਤੇ ਜਾਣਗੇ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ’ਚ ਦਾਖਲਿਆਂ ਦੀ ਸ਼ੁਰੂਆਤ ਬਾਰੇ ਜਨਤਕ ਸਥਾਨਾਂ ਤੋਂ ਸੂਚਨਾ ਦੇਣ ਦੇ ਨਾਲ ਨਾਲ ਬਾਲ ਮੇਲੇ ਮੌਕੇ ਦਾਖਲਿਆਂ ਲਈ ਵੱਖਰੇ ਕਾਊਂਟਰ ਲਗਾ ਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜ਼ਿਲਾ ਕੋਆਰਡੀਨੇਟਰ ਪੜੋ ਪੰਜਾਬ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਬਾਲ ਮੇਲਿਆਂ ਪ੍ਰਤੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ’ਚ ਭਾਰੀ ਉਤਸ਼ਾਹ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਸਮੂਹ ਪੜੋ ਪੰਜਾਬ ਟੀਮ ਮੈਂਬਰ ਮੇਲਿਆਂ ਲਈ ਅਧਿਆਪਕਾਂ ਨੂੰ ਸਹਿਯੋਗ ਦੇਣਗੇ।
ਕੈਪਸ਼ਨ: ਜ਼ਿਲਾ ਸਿੱੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ।