ਪੀ.ਐਮ.ਕੇਅਰਸ ਫਾਰ ਚਿਲਡਰਨ ਸਕੀਮ ਅਧੀਨ 10 ਲੱਖ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ
ਜਲੰਧਰ,18 ਨਵੰਬਰ 2021
ਜ਼ਿਲ੍ਹਾ ਜਲੰਧਰ ਵਿੱਚ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਮੌਤ ਕੋਵਿਡ ਕਾਰਨ ਹੋਈ ਹੈ, ਨੂੰ ਪੀ.ਐਮ.ਕੇਅਰਸ ਫਾਰ ਚਿਲਡਰਨ ਸਕੀਮ,2021 ਅਧੀਨ ਲਾਭ ਦਿੱਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਸੂਬੇ ਦੀ ਤਰੱਕੀ ਵਿੱਚ ਸਹਿਕਾਰਤਾ ਲਹਿਰ ਦਾ ਵਡਮੁੱਲਾ ਯੋਗਦਾਨ : ਸੰਤੋਖ ਸਿੰਘ ਚੌਧਰੀ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਜਿਹੇ ਬੱਚੇ ਨੂੰ 10 ਲੱਖ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਬੱਚੇ ਦਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਸਾਂਝਾ ਸੇਵਿੰਗ ਖਾਤਾ ਡਾਕਖਾਨੇ ਵਿੱਚ ਖੋਲ੍ਹਿਆ ਜਾਂਦਾ ਹੈ। ਉਨਾਂ ਦੱਸਿਆ ਕਿ ਜਦੋਂ ਬੱਚਾ 23 ਸਾਲ ਦਾ ਹੋ ਜਾਵੇਗਾ ਤਾਂ ਉਸ ਨੂੰ ਇਹ ਰਾਸ਼ੀ ਸਮੇਤ ਵਿਆਜ ਦੇ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਜਲੰਧਰ ਵਿੱਚ ਅਜਿਹੇ 3 ਬੱਚਿਆਂ ਦਾ ਸਾਂਝਾ ਸੇਵਿੰਗ ਖਾਤਾ ਡਿਪਟੀ ਕਮਿਸ਼ਨਰ ਨਾਲ ਖੋਲ੍ਹਿਆ ਗਿਆ ਹੈ।
ਸ਼੍ਰੀ ਥੋਰੀ ਨੇ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਵਿੱਚ ਸਹਾਇਤਾ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਸੁਨਹਿਰੀ ਭਵਿੱਖ ਯਕੀਨੀ ਬਣੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਲੰਧਰ ਸ੍ਰੀ ਗੁਰਮਿੰਦਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ, ਜਿਹੜੇ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਜਾਣ ਕਾਰਨ ਅਨਾਥ ਹੋ ਗਏ ਹਨ, ਉਸ ਬੱਚੇ ਨੂੰ ਜਾਂ ਵਿਧਵਾ ਔਰਤ ਨੂੰ ਹਰ ਮਹੀਨੇ 1500/-ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਇਸ ਨਾਲ ਹੋਰ ਵੀ ਬਣਦੇ ਲਾਭ ਮੁਹੱਈਆ ਕਰਵਾਏ ਜਾਣਗੇ।