ਸੁਵਿਧਾ ਕੇਂਦਰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤੇ ਜਾਣਗੇ – ਬ੍ਰਮ ਸ਼ੰਕਰ ਜਿੰਪਾ

_BRAM SHANKER JIMPA (1)
CITIZENS CAN AVAIL HASSLE-FREE SERVICES FROM SUWIDHA CENTRES: BRAM SHANKER JIMPA
ਮਾਲ ਅਤੇ ਮੁੜ ਵਸੇਬਾ ਮੰਤਰੀ ਵੱਲੋਂ ਮੋਗਾ ਦੇ ਸੁਵਿਧਾ ਕੇਂਦਰ ਦਾ ਅਚਾਨਕ ਦੌਰਾ
ਬੰਦ ਪਏ ਸੇਵਾ ਕੇਂਦਰ ਲੋੜ ਮੁਤਾਬਿਕ ਮੁੜ ਖੋਲ੍ਹੇ ਜਾਣਗੇ
ਡਿਪਟੀ ਕਮਿਸ਼ਨਰ ਨੂੰ ਰਜਿਸਟਰੀਆਂ ਵਿੱਚ ਧਾਂਦਲੀ ਮਾਮਲੇ ਦੀ ਜਾਂਚ ਰਿਪੋਰਟ ਜਲਦ ਭੇਜਣ ਬਾਰੇ ਕਿਹਾ
ਚੰਡੀਗੜ੍ਹ/ ਮੋਗਾ, 20 ਅਪ੍ਰੈਲ 2022
ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਅਚਾਨਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਲੋਕਾਂ ਅਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਚੱਲ ਰਹੇ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ।

ਹੋਰ ਪੜ੍ਹੋ :-ਯੂਨੀਵਰਸਿਟੀਆਂ ਦੇਸ਼ ਲਈ ਗਿਆਨਵਾਨ ਅਤੇ ਸਭਿਅਕ ਨਾਗਰਿਕ ਪੈਦਾ ਕਰ ਰਹੀਆਂ ਹਨ – ਰਾਜਪਾਲ, ਪੰਜਾਬ

ਉਹਨਾਂ ਕਿਹਾ ਕਿ ਉਹਨਾਂ ਦੇ ਅੱਜ ਦੇ ਇਸ ਅਚਾਨਕ ਦੌਰੇ ਦਾ ਮਕਸਦ ਸੀ ਕਿ ਜ਼ਮੀਨੀ ਪੱਧਰ ਉੱਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਜਾ ਸਕੇ। ਇਸੇ ਕਰਕੇ ਹੀ ਉਹਨਾਂ ਨੇ ਬੀਤੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਅੱਜ ਮੋਗਾ ਦੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ ਹੈ। ਉਹਨਾਂ ਕਿਹਾ ਕਿ ਇਥੇ ਆ ਕੇ ਪਤਾ ਲੱਗਾ ਹੈ ਕਿ ਸੁਵਿਧਾ ਕੇਂਦਰਾਂ ਵਿੱਚ ਲੋਕਾਂ ਨੂੰ ਸੇਵਾਵਾਂ ਲੈਣ ਲਈ ਲੰਮਾ ਸਮਾਂ ਲੱਗਦਾ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਉੱਤੇ ਦੱਸਿਆ ਕਿ ਸਟਾਫ ਅਤੇ ਕੁਝ ਹੋਰ ਊਣਤਾਈਆਂ ਹੋਣ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਜਾਂਦੀ ਹੈ। ਜਿਸ ਨੂੰ ਜਲਦ ਹੀ ਸੁਧਾਰ ਲਿਆ ਜਾਵੇਗਾ।
ਸ਼੍ਰੀ ਜਿੰਪਾ ਨੇ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ  ਹਦਾਇਤ ਕੀਤੀ ਕਿ ਇਥੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ। ਇਸ ਸਾਰੇ ਕੰਮ ਦੀ ਵੱਡੇ ਅਫ਼ਸਰ ਖੁਦ ਨਿਗਰਾਨੀ ਕਰਨ। ਲੋਕਾਂ ਨੂੰ ਤੈਅ ਸਮਾਂ ਸੀਮਾ ਵਿਚ ਸੇਵਾਵਾਂ ਦੇਣ ਲਈ ਕਾਂਊਟਰ ਵਧਾਏ ਜਾਣ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਮ ਲੋਕਾਂ ਨਾਲ ਬੋਲ ਬਾਣੀ ਠੀਕ ਹੋਣੀ ਚਾਹੀਦੀ ਹੈ। ਸੇਵਾਵਾਂ ਮਿਲਣ ਦੇ ਸਮਾਂ ਸੀਮਾ ਬਾਰੇ ਥਾਂ ਥਾਂ ਉਪਰ ਬੋਰਡ ਲਗਾਏ ਜਾਣ। ਔਰਤਾਂ ਅਤੇ ਬਜ਼ੁਰਗਾਂ ਲਈ ਅਲੱਗ ਕਤਾਰਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਸਹੂਲਤ ਲਈ ਬੰਦ ਪਏ ਸੇਵਾ ਕੇਂਦਰ ਲੋੜ ਮੁਤਾਬਿਕ ਮੁੜ ਖੋਲ੍ਹੇ ਜਾਣਗੇ।
ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਮੋਗਾ ਵਿੱਚ ਕਥਿਤ ਤੌਰ ਉੱਤੇ ਰਜਿਸਟਰੀਆਂ ਵਿੱਚ ਧਾਂਦਲੀ ਮਾਮਲੇ ਦੀ ਜਾਂਚ ਰਿਪੋਰਟ ਮਿਤੀ 21ਅਪ੍ਰੈਲ ਤੱਕ ਭੇਜਣ ਬਾਰੇ ਕਿਹਾ ਗਿਆ ਹੈ। ਇਸ ਰਿਪੋਰਟ ਦੇ ਅਧਾਰ ਉੱਤੇ ਹੀ ਇਸ ਮਾਮਲੇ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ ਅਤੇ ਹੋਰ ਵੀ ਹਾਜ਼ਰ ਸਨ।