ਸਿਟਰਸ ਅਸਟੇਟ ਅਬੋੋਹਰ ਵੱਲੋਂ ਕਿੰਨੂ/ਨਿੰਬੂ ਜਾਤੀ ਫਲਾਂ ਦੀ ਕਾਸ਼ਤ ਸਬੰਧੀ ਸੈਮੀਨਾਰ ਲਗਾਇਆ

BABITA
ਸਿਟਰਸ ਅਸਟੇਟ ਅਬੋੋਹਰ ਵੱਲੋਂ ਕਿੰਨੂ/ਨਿੰਬੂ ਜਾਤੀ ਫਲਾਂ ਦੀ ਕਾਸ਼ਤ ਸਬੰਧੀ ਸੈਮੀਨਾਰ ਲਗਾਇਆ
ਬਾਗਬਾਨਾਂ ਤੱਕ ਪਹੁੰਚ ਕਰਕੇ ਦਿੱਤੀਆਂ ਜਾਨ ਪਸਾਰ ਸੇਵਾਵਾ-ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਨੂੰ ਹਦਾਇਤ
ਫਾਜ਼ਿਲਕਾ 11 ਨਵੰਬਰ 2021
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਅਬੋਹਰ ਵੱਲੋਂ “ਕਿੰਨੂ/ਨਿੰਬੂ ਜਾਤੀ ਫਲਾਂ ਦੀ ਕਾਸ਼ਤ” ਸਬੰਧੀ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਵਿਭਾਗ ਨੂੰ ਕਿਹਾ ਕਿ ਬਾਗਬਾਨਾਂ ਤੱਕ ਜਿਆਦਾ ਤੋਂ ਜਿਆਦਾ ਤਕਨੀਕੀ ਜਾਣਕਾਰੀ ਪੁੱਜਦੀ ਕਰਨ ਲਈ ਬਾਗਬਾਨਾਂ ਤੱਕ ਪਹੁੰਚ ਕਰਕੇ ਪਸਾਰ ਸੇਵਾਵਾਂ ਮੁਹਈਆ ਕਰਵਾਈਆਂ ਜਾਣ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨਾਲ ਸੰਵਾਦ ਕਰਦਿਆਂ ਬਾਗਬਾਨੀ ਸਬੰਧੀ ਉਨ੍ਹਾਂ ਦੇ ਸੁਝਾਅ ਲਏ ਅਤੇ ਉਸੇ ਅਨੁਸਾਰ ਵਿਭਾਗ ਨੂੰ ਆਪਣੀ ਅਗਲੀ ਰੂਪ ਰੇਖਾ ਉਲੀਕਣ ਲਈ ਕਿਹਾ।
ਇਸ ਸੈਮੀਨਾਰ ਵਿੱਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਵਿਸੇਸ਼ ਤੌਰ ਤੇ ਪਹੁੰਚੇ ਸਾਇੰਸਦਾਰਨ ਸ: ਜ਼ਸਵਿੰਦਰ ਸਿੰਘ ਬਰਾੜ ਨੇ ਬਾਗਬਾਨਾਂ ਨੂੰ ਅਚਾਨਕ ਸੁੱਕ ਰਹੇ ਕਿਨੂੰ ਦੇ ਬਾਗਾਂ ਸਬੰਧੀ ਇਸ ਸਮੱਸਿਆ ਦੇ ਕਾਰਨਾਂ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
(ਪੀ.ਏ.ਯੂ ਲੁਧਿਆਣਾ) ਦੇ ਡਾਇਰੈਕਟਰ ਡਾ. ਪੀ.ਕੇ. ਅਰੋੜਾ ਅਤੇ ਉਹਨਾਂ ਦੇ ਸਹਿਯੋਗੀ ਸਾਇੰਸਦਾਨਾਂ ਵੱਲੋਂ ਨਿੰਬੂ ਜਾਤੀ ਫਲਾਂ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ।ਮਾਹਰਾਂ ਵੱਲੋਂ ਬਿਮਾਰੀਆਂ ਦੀ ਸਮੁੱਚੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਬਾਗਬਾਨਾਂ ਨੂੰ ਦਿੱਤੀ।ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ਾਂ ਕੀਤੇ ਕੀਟਨਾਸ਼ਕਾਂ ਨੂੰ ਹੀ ਆਪਣੇ ਬਾਗਾਂ ਵਿੱਚ ਅਪਣਾਇਆ ਜਾਵੇ ਤਾਂ ਜੋ ਉਚ ਕੁਆਲਟੀ ਫਲ ਪੈਦਾਵਾਰ ਕਰਨ ਦੇ ਨਾਲ-ਨਾਲ ਗੈਰ ਸਿਫਾਰਸ਼ ਕੀਟਨਾਸ਼ਕ ਅਤੇ ਉੱਲੀਨਾਸ਼ਕ ਉੱਪਰ ਕੀਤੇ ਜਾਂਦੇ ਬੇ-ਲੋੜੇ ਖਰਚਿਆਂ ਨੂੰ ਘਟਾਇਆ ਜਾ ਸਕੇ।
ਡਾ: ਸਸ਼ੀ ਪਠਾਣੀਆਂ ਨੇ ਨਵੇਂ ਬਾਗਾਂ ਅਤੇ ਪੁਰਾਣੇ ਬਾਗਾਂ ਵਿਚ ਮਿੱਟੀ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਡਾ: ਏਕੇ ਸਾਂਗਵਾਨ ਨੇ ਨਵੇਂ ਬਾਗਾਂ ਦੀ ਸਾਂਭ ਸੰਭਾਲ, ਬਾਗਾਂ ਵਿਚ ਪਾਣੀ ਦੀ ਸੁਚੱਜੀ ਵਰਤੋਂ, ਬਾਗਾਂ ਦੀ ਕਟਾਈ ਆਦਿ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਅਜੀਤ ਸਹਾਰਨ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਬਾਗਬਾਨਾਂ ਨੂੰ ਸਿਟਰਸ ਅਸਟੇਟ ਵਿਚ ਆਉਣ ਤੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸਿਟਰਸ ਅਸਟੇਟ ਅਬੋਹਰ ਦੇ ਮੁੱਖ ਕਾਰਜਕਾਰੀ ਅਫਸਰ ਸ਼੍ਰੀ ਜਗਤਾਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਇਸ ਸੈਮੀਨਾਰ ਵਿੱਚ ਸਾਇੰਸਦਾਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ ਅਤੇ ਸਿਟਰਸ ਅਸਟੇਟ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ।
ਜਿਲ੍ਹਾ ਫਾਜਿਲਕਾ ਦੇ ਬਾਗਬਾਨੀ ਵਿਭਾਗ ਤੋਂ ਡਿਪਟੀ ਡਾਇਰੈਕਟਰ ਸ਼੍ਰੀ ਤੇਜਿੰਦਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ ਗਿਆ ਤੇ ਸਾਇੰਸਦਾਨਾਂ ਅਤੇ ਹਾਜ਼ਰ ਬਾਗਬਾਨਾਂ ਦਾ ਇਸ ਸੈਮੀਨਾਰ ਵਿੱਚ ਆਉਣ ਲਈ ਧੰਨਵਾਦ ਕੀਤਾ।
ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਸਿਟਰਸ ਅਸਟੇਟ ਅਬੋਹਰ ਦੇ ਕਾਰਜਕਾਰਨੀ ਕਮੇਟੀ ਮੈਂਬਰ ਸ਼੍ਰੀ ਅਜੀਤ ਸਹਾਰਨ, ਸ਼੍ਰੀ ਪ੍ਰਦੀਪ ਦਾਵੜਾ, ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਉੱਘੇ ਬਾਗਬਾਨਾਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿਆ।ਇਸ ਮੌਕੇ ਸਵੀਪ ਤਹਿਤ ਕਿਸਾਨਾਂ ਨੂੰ ਵੋਟਾਂ ਬਣਵਾਉਣ ਲਈ ਵੀ ਜਾਗਰੂਕ ਕੀਤਾ ਗਿਆ।
Spread the love