3 ਮਰੀਜ਼ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ
ਬਰਨਾਲਾ, 13 ਅਕਤੂਬਰ
ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਅਧੀਨ ਡੇਂਗੂ ਵਿਰੋਧੀ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।
ਹੋਰ ਪੜ੍ਹੋ :-ਯੈਲੋ ਕਾਰਡ ਹੋਲਡਰ ਪੱਤਰਕਾਰ ਸਾਥੀਆਂ ਲਈ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਿਸ਼ੇਸ਼ ਕੈਂਪ
ਸਿਵਲ ਹਸਪਤਾਲ ਬਰਨਾਲਾ ਵਿਖੇ ਡੇਂਗੂ ਵਾਰਡ ਦਾ ਜਾਇਜ਼ਾ ਲੈਣ ਪਹੁੰਚੇ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਰਾਹੀਂ ਜ਼ਿਲਾ ਬਰਨਾਲਾ ’ਚ ਇਸ ਨੂੰ ਕਾਬੂ ਹੇਠ ਰੱਖਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ਹੁਣ ਤੱਕ ਕੁੱਲ 17 ਮਰੀਜ਼ ਪਾਜ਼ੀਟਿਵ ਆਏ ਹਨ, ਜਿਨਾਂ ਵਿੱਚੋਂ 14 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ ਅਤੇ 3 ਮਰੀਜ਼ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹਨ।
ਸਿਵਲ ਸਰਜਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਬਣੇ ਵਿਸ਼ੇਸ਼ ਡੇਂਗੂ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਗਿਆ, ਜਿਸ ’ਤੇ ਦਾਖਲ ਮਰੀਜ਼ਾਂ ਵੱਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਤਸੱਲੀ ਪ੍ਰਗਟਾਈ ਗਈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ ਅਤੇ ਪਾਣੀ ਨਾ ਖੜਨ ਦਿੱਤਾ ਜਾਵੇ , ਆਪਣੇ ਘਰਾਂ , ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਤੇ ਫਰਿੱਜ ਦੇ ਪਿੱਛੇ ਟਰੇਅ ਆਦਿ ’ਚ ਪਾਣੀ ਸੁੱਕਾ ਕੇ ਸਾਫ ਜ਼ਰੂਰ ਕੀਤਾ ਜਾਵੇ।
ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ , ਮਾਸਪੇਸ਼ੀਆਂ ’ਚ ਦਰਦ, ਸਰੀਰ ’ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਦੇ ਲੱਛਣ ਮਹਿਸੂਸ ਹੋਣ ਤਾਂ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ।