ਆਪਣੇ ਆਕਾ ਮੋਦੀ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਪ੍ਰੇਸਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ
ਬਠਿੰਡਾ, 25 ਜੂਨ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਪ੍ਰੇਸਾਨ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲੁਆਈ ਦਾ ਢੁਕਵਾਂ ਸਮਾਂ ਹੈ, ਪਰ ਕਿਸਾਨਾਂ ਨੂੰ ਕੇਵਲ 5 ਤੋਂ 6 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਕੰਮ ਛੱਡ ਕੇ ਸੜਕਾਂ ‘ਤੇ ਆਉਣਾ ਪੈ ਰਿਹਾ ਹੈ।
ਸੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਵਾਧੂ ਬਿਜਲੀ ਹੋਣ ਦਾ ਦਾਅਵਾ ਕਰਦੀ ਰਹੀ ਹੈ, ਪਰ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣ ਵਿੱਚ ਵੀ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਣਕ ਦੀ ਖਰੀਦ ਸਮੇਂ ਬਾਰਦਾਨੇ ਦੀ ਘਾਟ ਬਣੀ ਰਹੀ ਉਸੇ ਤਰ੍ਹਾਂ ਹੁਣ ਝੋਨੇ ਦੀ ਲੁਆਈ ਸਮੇਂ ਬਿਜਲੀ ਦੀ ਕਮੀ ਹੋ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਪਣੇ ਆਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਨੂੰ ਪ੍ਰੇਸਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਵਾਧੂ ਬਿਜਲੀ ਹੋਣ ਦੇ ਦਾਅਵੇ ਦੇ ਬਾਵਜੂਦ ਕਿਸਾਨ ਮਹਿੰਗੇ ਡੀਜਲ ਦੀ ਵਰਤੋਂ ਕਰਕੇ ਝੋਨੇ ਦੀ ਲਵਾਈ ਕਰਨ ਲਈ ਮਜਬੂਰ ਹਨ। ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਨਾ ਦੇ ਕੇ ਕੈਪਟਨ ਸਰਕਾਰ ਇਹ ਪੱਕਾ ਕਰ ਰਹੀ ਹੈ ਕਿ ਝੋਨੇ ਦੀ ਲੁਆਈ ਸਮੇਂ ਸਿਰ ਨਾ ਹੋ ਸਕੇ ਅਤੇ ਕਿਸਾਨ ਮੱਕੀ ਜਾਂ ਬਾਸਮਤੀ ਜਿਹੀਆਂ ਫਸਲਾਂ ਦੀ ਖੇਤੀ ਕਰਨ ਲਈ ਮਜਬੂਰ ਹੋਣ, ਜਿਨਾਂ ਦੀ ਭਾਰਤੀ ਖਾਧ ਨਿਗਮ (ਐਫ.ਸੀ.ਆਈ) ਨਹੀਂ ਖਰੀਦ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਐਫ.ਸੀ.ਆਈ ਜਾਂ ਹੋਰ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਵਿਚੋਂ ਝੋਨੇ ਦੀ ਖਰੀਦ ਘੱਟ ਕਰਨ ਦੀ ਮੋਦੀ ਸਰਕਾਰ ਦੀ ਯੋਜਨਾ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਮਦਦ ਕਰ ਰਹੇ ਹਨ।
ਵਿਧਾਇਕ ਸੰਧਵਾਂ ਨੇ ਕਿਹਾ ਕਿ ਕਿਸਾਨਾਂ ਨੇ ਝੋਨੇ ਲੁਆਈ ਦਾ ਕੰਮ 30 ਜੂਨ ਤੱਕ ਪੂਰਾ ਕਰਨਾ ਹੈ, ਫਿਰ ਇਸ ਤੋਂ ਬਾਅਦ ਕਿਸਾਨਾਂ ਨੂੰ ਬਾਸਮਤੀ ਜਾਂ ਮੱਕੀ ਦੀ ਖੇਤੀ ਕਰਨ ਲਈ ਮਜਬੂਰ ਹੋਣਾ ਪਵੇਗਾ, ਪਰ ਇਨਾਂ ਫਸਲਾਂ ਨੂੰ ਪ੍ਰਾਈਵੇਟ ਕੰਪਨੀਆਂ ਵੱਲੋਂ ਹੀ ਖਰੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੱਕੀ ਦਾ ਐਮ.ਐਸ.ਪੀ 1850 ਰੱਖਿਆ ਗਿਆ, ਪਰ ਖੁਲ੍ਹੇ ਬਾਜਾਰ ਵਿੱਚ 700 ਤੋਂ 800 ਰੁਪਿਆਂ ਵਿੱਚ ਖਰੀਦਿਆ ਜਾ ਰਿਹਾ ਹੈ। ਸੰਧਵਾਂ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਖੇਤੀ ਕਾਨੂੰਨਾਂ ਨਾਲ ਜੁੜੇ ਮਾਮਲੇ ਵਿੱਚ ਮੋਦੀ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਹੁਣ ਫਿਰ ਤੋਂ ਸਾਜਿਸ ਦੇ ਤਹਿਤ ਕਿਸਾਨਾਂ ਨੂੰ ਡੀਜਲ ਫੂਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਲੋਕ ਸੰਘਰਸ ਕਰ ਰਹੇ ਹਨ।
ਸੰਧਵਾਂ ਨੇ ਅੱਗੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵਾਅਦਾ ਕੀਤਾ ਸੀ ਕਿ ਬਾਦਲ ਸਰਕਾਰ ਵੱਲੋਂ ਸੁਰੂ ਕੀਤੀਆਂ ਗਈਆਂ ਬਿਜਲੀ ਯੋਜਨਾਵਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਬਿਜਲੀ ਕੰਪਨੀਆਂ ਬਾਰੇ ਵਾਈਟ ਪੱਤਰ ਜਾਰੀ ਕੀਤਾ ਜਾਵੇਗਾ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆ ਸਾਢੇ ਚਾਰ ਸਾਲ ਹੋ ਚੁੱਕੇ ਹਨ, ਪਰ ਨਾ ਹੀ ਬਿਜਲੀ ਸਮਝੌਤੇ ਰੱਦ ਕੀਤੇ ਗਏ ਹਨ ਅਤੇ ਨਾ ਹੀ ਵਾਈਟ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਪ੍ਰੇਸਾਨ ਕਰਨਾ ਬੰਦ ਕਰੇ ਅਤੇ ਝੋਨੇ ਦੀ ਲੁਆਈ ਲਈ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰੇ।