ਜ਼ਿਲੇ ਦੇ ਨਗਰ ਕੌਂਸਲਾਂ ਨੇ ਪ੍ਰਾਪਤ ਕੀਤੇ ਛੇ ਵਿੱਚੋਂ ਪੰਜ ਉੱਚੇ ਰੈਂਕ
ਉੱਤਰੀ ਭਾਰਤ ਦੀਆਂ ਕੁੱਲ 200 ਨਗਰ ਕੌਂਸਲਾਂ ਵਿੱਚੋਂ ਨੰਗਲ ਚੌਥੇ ਰੈਂਕ ’ਤੇ
ਰੂਪਨਗਰ, 21 ਨਵੰਬਰ 2021
ਜ਼ਿਲਾ ਰੂਪਨਗਰ ਨੇ ਸਵੱਛ ਸਰਵੇਖਣ -2021 ਵਿੱਚ ਆਪਣੀ ਰੈਂਕਿੰਗ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਹੈ, ਜਿਸ ਨਾਲ ਜ਼ਿਲੇ ਦੀਆਂ ਨਗਰ ਕੌਂਸਲਾਂ ਨੇ ਵੱਖ-ਵੱਖ ਆਬਾਦੀ ਵਾਲੀਆਂ ਸ਼੍ਰੇਣੀਆਂ ਵਿੱਚ ਉੱਤਰੀ ਭਾਰਤ ਵਿੱਚੋਂ ਉੱਚ ਦਰਜੇ (ਰੈਂਕ) ਪ੍ਰਾਪਤ ਕੀਤੇ ਹਨ। ਇਹ ਪ੍ਰਗਟਾਵਾ ਜ਼ਿਲੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੰਗਲ ਨੇ 25 ਹਜ਼ਾਰ ਤੋਂ 50 ਹਜ਼ਾਰ ਦੀ ਆਬਾਦੀ ਵਾਲੇ ਵਰਗ ਦੇ ਕੁੱਲ 200 ਨਗਰ ਕੌਂਸਲਾਂ ਵਿੱਚੋਂ ਉੱਤਰੀ ਭਾਰਤ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਨਗਰ ਕੌਂਸਲ ਮੋਰਿੰਡਾ ਨੇ ਵੀ 25000 ਤੋਂ ਘੱਟ ਆਬਾਦੀ ਵਾਲੀ ਸ਼ੇ੍ਰਣੀ ਵਿੱਚ ਕੁੱਲ 720 ਨਗਰ ਕੌਂਸਲਾਂ ਵਿੱਚੋਂ ਉੱਤਰੀ ਭਾਰਤ ਵਿੱਚ ਚੌਥਾ ਰੈਂਕ ਪ੍ਰਾਪਤ ਕੀਤਾ ਹੈ।
ਉਨਾਂ ਦੱਸਿਆ ਕਿ ਨਗਰ ਕੌਂਸਲ ਰੂਪਨਗਰ ਨੇ ਉੱਤਰੀ ਭਾਰਤ ਦੀਆਂ 95 ਨਗਰ ਕੌਂਸਲਾਂ ਵਿੱਚੋਂ 50 ਹਜਾਰ ਤੋਂ ਲੈ ਕੇ ਇੱਕ ਲੱਖ ਜਾਂ ਵੱਧ ਆਬਾਦੀ ਵਾਲੀ ਸ੍ਰੇਣੀ ਵਿੱਚ 12ਵਾਂ ਰੈਂਕ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਆਨੰਦਪੁਰ ਸਾਹਿਬ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੇ ਵੀ ਪੂਰੇ ਉੱਤਰ ਭਾਰਤ ਵਿੱਚ 23ਵਾਂ ਅਤੇ 29ਵਾਂ ਰੈਂਕ ਹਾਸਲ ਕੀਤਾ ਹੈ।
ਸ੍ਰੀਮਤੀ ਸੋਨਾਲੀ ਗਿਰੀ ਨੇ ਅੱਗੇ ਕਿਹਾ ਕਿ ਵੱਖ-ਵੱਖ ਵਰਗਾਂ ਦੀ ਆਬਾਦੀ ਵਿੱਚ ਸਵੱਛ ਸਰਵੇਖਣ ਦੇ ਨਤੀਜੇ ਜੋਨ-ਵਾਰ ਐਲਾਨੇ ਗਏ ਹਨ, ਜਿਸ ਵਿੱਚ ਰੂਪਨਗਰ ਜਿਲੇ ਦੀਆਂ ਨਗਰ ਕੌਂਸਲਾਂ ਨੇ ਛੇ ਵਿੱਚੋਂ ਪੰਜ ਉੱਚੇ ਰੈਂਕ ਹਾਸਲ ਕੀਤੇ ਹਨ।
ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਜ਼ਿਲਾ ਰੂਪਨਗਰ ਨੇ ਘਰ-ਘਰ ਜਾ ਕੇ ਕੂੜਾ-ਕਰਕਟ ਇਕੱਠਾ ਕਰਨ, ਠੋਸ ਰਹਿੰਦ-ਖੂੰਹਦ ਨੂੰ ਵੱਖੋ-ਵੱਖ ਕਰਨ, ਪਲਾਸਟਿਕ ਵੇਸਟ ਦੀ ਪ੍ਰੋਸੈਸਿੰਗ , ਕੂੜੇ ਦੇ ਭੰਡਾਰਾਂ ਨੂੰ ਹਟਾਉਣ, ਗਿੱਲੇ ਕੂੜੇ ਨੂੰ ਖਾਦ ਵਿੱਚ ਬਦਲਨਾ ਅਤੇ ਸ਼ਹਿਰੀ ਖੇਤਰਾਂ ਦੇ ਸਮੁੱਚੇ ਸੁੰਦਰੀਕਰਨ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।
ਉਨਾਂ ਕਿਹਾ ਕਿ ਹਰ ਸਾਲ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ ਅਤੇ ਸਵੱਛ ਸਰਵੇਖਣ-2021 ਵਿੱਚ ਜ਼ਿਲੇ ਦੀਆਂ ਨਗਰ ਕੌਂਸਲਾਂ ਨੇ ਵੱਖ-ਵੱਖ ਆਬਾਦੀ ਵਾਲੀਆਂ ਸ਼੍ਰੇਣੀਆਂ ਵਿੱਚ ਉੱਤਰੀ ਭਾਰਤ ਵਿੱਚੋਂ ਉੱਚ ਦਰਜੇ ਪ੍ਰਾਪਤ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਸਭ ਤੋਂ ਅਹਿਮ ਮੁੱਦਾ ਹੈ। ਜ਼ਿਆਦਾਤਰ ਸ਼ਹਿਰੀ ਸਥਾਨਕ ਸੰਸਥਾਵਾਂ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਸੁਧਾਰ ਕਰ ਰਹੀਆਂ ਹਨ ਜਿਸ ਲਈ ਜ਼ਿਲਾ ਪ੍ਰਸ਼ਾਸਨ ਰੂਪਨਗਰ ਨੇ ਲੋਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕਈ ਅਹਿਮ ਕਦਮ ਚੁੱਕੇ ਹਨ।