ਕਿਹਾ, ਕੇਜਰੀਵਾਲ ਅਤੇ ਉਸ ਦੀ ਜੁੰਡਲੀ ਦਾ ਇਕੋ ਮਨੋਰਥ ਪੰਜਾਬ ਨੂੰ ਲੁੱਟਣਾ
ਕਾਂਗਰਸ ਸਰਕਾਰ ਬਿਨਾਂ ਪੱਖਪਾਤ ਵਾਲਾ ਸਮਾਜ ਸਿਰਜਣ ਲਈ ਵਚਨਬੱਧ
ਬਾਦਲਾਂ ਵਲੋਂ ਸੂਬੇ ਨੂੰ ਲੁੱਟਣ ਖਸੁੱਟ ਦੀ ਕੀਤੀ ਨਿੰਦਾ
ਹੁਸਿਆਰਪੁਰ, 18 ਦਸੰਬਰ 2021
ਆਮ ਆਦਮੀ ਪਾਰਟੀ (ਆਪ) ਨੂੰ ਈਸਟ ਇੰਡੀਆ ਕੰਪਨੀ ਦਾ ਅਜੋਕਾ ਰੂਪ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਨਾਂ ਦਾ ਇਕੋ-ਇਕ ਮਨੋਰਥ ਪੰਜਾਬ ਸੂਬੇ ਦੀ ਸਰਮਾਇਆ ਲੁੱਟਣਾ ਹੈ।
ਹੋਰ ਪੜ੍ਹੋ :-ਸੁਖਦਰਸ਼ਨ ਸਿੰਘ ਮਰਾੜ ਸੀ ਲੋਕਾਂ ਦਾ ਸੱਚਾ ਆਗੂ-ਚਰਨਜੀਤ ਸਿੰਘ ਚੰਨੀ
ਸਥਾਨਕ ਰੌਸ਼ਨ ਗਰਾਊਂਡ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀਆਂ ਨਜ਼ਰਾਂ ਕੇਵਲ ਪੰਜਾਬ ਦਾ ਖ਼ਜਾਨਾ ਲੁੱਟਣ ’ਤੇ ਹਨ ਜਿਸ ਕਰਕੇ ਉਹ ਲੋਕਾਂ ਨੂੰ ਸਬਜ਼ਬਾਗ਼ ਦਿਖਾ ਰਹੇ ਹਨ। ਉਨ੍ਹਾਂ ਕੇਜਰੀਵਾਲ ਉੱਤੇ ਵਰਜਦਿਆਂ ਕਿਹਾ ਕਿ ਪੰਜਾਬੀਆਂ ਅੱਗੇ ਝੂਠ ਦਰ ਝੂਠ ਬੋਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਤਰਜ ’ਤੇ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਅਤੇ ਸਸਤਾ ਪੈਟਰੋਲ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ।
ਕੇਜਰੀਵਾਲ ਨੂੰ ਕੂੜ ਪ੍ਰਚਾਰ ਕਰਨ ਤੋਂ ਵਰਜਦਿਆਂ ਮੁੱਖ ਮੰਤਰੀ ਪੰਜਾਬ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਹਥਿਆਉਣ ਲਈ ਕੀਤੇ ਜਾ ਰਹੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਰਮਾਉਣ ਲਈ ਕੇਜਰੀਵਾਲ ਇਕ ਰਾਜ ਤੋਂ ਦੂਜੇ ਰਾਜ ਵਿੱਚ ਵੱਖੋ ਵੱਖ ਲੁਭਾਉਣੇ ਵਾਅਦੇ ਕਰ ਰਿਹਾ ਹੈ। ਇਸ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਵਲੋਂ ਹਰ ਮਹੀਨੇ ਹਰ ਮਹਿਲਾ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਉਸ ਵਲੋਂ ਗੋਆ ਵਿਖੇ 5000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਜਦਕਿ ਦਿੱਲੀ ਦੀਆਂ ਮਹਿਲਾਵਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਇਕ ਕ੍ਰਾਂਤਕਾਰੀ ਬਦਲਾਅ ਨਜ਼ਰ ਆ ਰਿਹਾ ਹੈ ਜਦੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸ਼ਾਹੀ ਜਾਂ ਅਸਰ ਰਸੂਖ ਵਾਲੇ ਵਿਅਕਤੀ ਦੀ ਬਜਾਏ ਉਹਨਾਂ ਵਰਗੇ ਆਮ ਆਦਮੀ ਨੂੰ ਸੱਤਾ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੀ ਸਰਕਾਰ ਦਾ ਮੁੱਖ ਮੰਤਵ ਸਭ ਲਈ ਬਰਾਬਰ ਮੌਕੇ ਪੈਦਾ ਕਰਨਾ ਅਤੇ ਸਾਰੇ ਸਾਧਨਾਂ ਤੱਕ ਸਭ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਦਿਨ ਖਤਮ ਹੋ ਗਏ ਹਨ ਜਦੋਂ ਸੱਤਾ ਤੱਕ ਕੇਵਲ ਬਾਦਲਾਂ ਦੀ ਪਹੁੰਚ ਸੀ ਤੇ ਜਿਸ ਕਰਕੇ ਉਹ ਪੂਰੀ ਤਰ੍ਹਾਂ ਲੁੱਟ ਕਰਦੇ ਸਨ । ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਜਦੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਅਤੇ ਫਲਸਫੇ ’ਤੇ ਚਲਦਿਆਂ ਸੂਬਾ ਸਰਕਾਰ ਵਲੋਂ ਸਭਨਾ ਲਈ ਬਰਾਬਰ ਸਮਾਜ ਦੀ ਸਿਰਜਣਾ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਫ਼ੈਸਲਾ ਸੂਬੇ ਦੇ ਵਿਕਾਸ ਅਤੇ ਸੂਬਾ ਵਾਸੀਆਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ ਇਕ ਮੰਤਵ ਸੂਬੇ ਨੂੰ ਦੇਸ਼ ਦਾ ਮੋਹਰੀ ਰਾਜ ਬਣਾਉਣਾ ਹੈ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਜਾਣਦੇ ਹਨ ਕਿ ਪੰਜਾਬ ਵਿੱਚ ਸਮੁੱਚੇ ਉਤਰੀ ਖੇਤਰ ਵਿੱਚੋਂ ਪੈਟਰੋਲ ਅਤੇ ਡੀਜ਼ਲ ਸਭ ਤੋਂ ਸਸਤਾ ਹੈ ਅਤੇ ਇਸੇ ਤਰ੍ਹਾਂ ਸਾਰੇ ਦੇਸ਼ ਨਾਲੋਂ ਬਿਜਲੀ ਸਭ ਤੋਂ ਸਸਤੀ ਹੈ। ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਅਨੇਕਾਂ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਬਿਜਲੀ ਬਿਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਬਿਜਲੀ ਉਪਭੋਗਤਾਵਾਂ ਲਈ ਬਿਜਲੀ ਦੇ ਰੇਟ 3 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ। ਪੇਂਡੂ ਖੇਤਰਾਂ ਦੀਆਂ ਪਾਣੀ ਦੀ ਮੋਟਰਾਂ ਦੇ 1200 ਕਰੋੜ ਦੇ ਬਿਲ ਮੁਆਫ਼ ਕੀਤੇ ਗਏ ਹਨ। ਵਾਟਰ ਚਾਰਜਜ 50 ਰੁਪੲ ਤੱਕ ਲਿਆਂਦੇ ਗਏ ਹਨ ਅਤੇ ਰੇਤਾ ਦੇ ਰੇਟ ਵੀ ਬਹੁਤ ਘੱਟ ਕੀਤੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਨ੍ਹਾਂ ਲੋਕ ਭਲਾਈ ਉਪਰਾਲਿਆਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਤਾਂ ਜੋ ਸਮਾਜ ਦੀ ਵੱਧ ਤੋਂ ਵੱਧ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਖਿਲਾਫ਼ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਦੇ ਸੰਦਰਭ ਵਿੱਚ ਕਿਸਾਨਾ ਨੂੰ ਅਤਿਵਾਦੀਆਂ ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਧਰਮਾਂ ਦੇ ਨਾਮ ’ਤੇ ਵੰਡਣ ਲਈ ਚਾਲਾਂ ਚਲੀਆਂ ਜਾ ਰਹੀਆਂ ਹਨ।
ਸਾਬਕਾ ਲੋਕ ਸਭਾ ਮੈਂਬਰ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਨਾਪਾਕ ਇਰਾਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਮਹਿੰਗਾਈ ਅਤੇ ਕਿਸਾਨ ਵਿਰੋਧੀ ਪੱਖ ਲੈਣ ’ਤੇ ਸਬਕ ਸਿਖਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਮਾਨਸਿਕਤਾ ਤਹਿਤ ਸੂਬੇ ਦੀ ਸੱਤਾ ਹਥਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਕਾਂਗਰਸ ਸਰਕਾਰ ਬਣਨ ਨਾਲ ਕੇਂਦਰ ਵਿੱਚ ਕਾਂਗਰਸੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਵਲੋਂ ਲੋਕ ਭਲਾਈ ਲਈ ਅਨੇਕਾਂ ਪਹਿਲਕਦਮੀਆਂ ਕਰਨ ਲਈ ਮੁੱਖ ਮੰਤਰੀ ਪੰਜਾਬ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਤੋਂ ਪਹਿਲਾਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਵਲੋਂ ਮੁੱਖ ਮੰਤਰੀ ਅਤੇ ਸ੍ਰੀ ਜਾਖੜ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਸ੍ਰੀਮਤੀ ਇੰਦੂ ਬਾਲਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਕੁਲਦੀਪ ਨੰਦਾ, ਮੇਅਰ ਸ੍ਰੀ ਸੁਰਿੰਦਰ ਕੁਮਾਰ, ਚੇਅਰਮੈਨ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਸ੍ਰੀ ਸਰਵਣਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ੍ਰੀ ਰਾਕੇਸ਼ ਮਰਵਾਹਾ ਅਤੇ ਹੋਰ ਵੀ ਹਾਜ਼ਰ ਸਨ।