ਪੰਜਾਬ ਰਾਜ ਭਵਨ ਵਿਖੇ ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਸਥਾਪਨਾ ਦਿਵਸ ‘ਤੇ ਰੰਗਾਰੰਗ ਸਮਾਗਮ ਕਰਵਾਇਆ

ਚੰਡੀਗੜ੍ਹ, 21 ਜਨਵਰੀ 
ਪੰਜਾਬ ਰਾਜ ਭਵਨ ਵਿਖੇ ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਦੇ ਸਥਾਪਨਾ ਦਿਵਸ ਨੂੰ ਸਪਰਪਰਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਇਨ੍ਹਾਂ ਰਾਜਾਂ ਦੇ ਵੰਨ-ਸੁਵੰਨਤਾ ਵਾਲੇ ਸੱਭਿਆਚਾਰਾਂ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਅੱਜ ਕਰਵਾਏ ਗਏ ਇਸ ਸਮਾਗਮ ਵਿੱਚ ਇਨ੍ਹਾਂ ਉੱਤਰ-ਪੂਰਬੀ ਰਾਜਾਂ ਦੀ ਅਮੀਰ ਵਿਰਾਸਤ ਅਤੇ ਵੰਨ-ਸੁਵੰਨਤਾ ਨੂੰ ਦਰਸਾਉਂਦੇ ਜਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ 100 ਤੋਂ ਵੱਧ ਉੱਘੀਆਂ ਸ਼ਖਸੀਅਤਾਂ, ਨੁਮਾਇੰਦਿਆਂ ਅਤੇ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਲਵਾਈ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਿਭਿੰਨਤਾ ਵਿੱਚ ਏਕਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਸੱਭਿਆਚਾਰਕ ਖਜ਼ਾਨੇ ਵਿੱਚ ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਦੇ ਵਿਲੱਖਣ ਯੋਗਦਾਨ ਬਾਰੇ ਗੱਲ ਕੀਤੀ।
ਇਸ ਸਮਾਗਮ ਵਿੱਚ ਚੰਡੀਗੜ੍ਹ ਵਿੱਚ ਪੜ੍ਹ ਰਹੇ ਉੱਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦੁਆਰਾ ਰਵਾਇਤੀ ਨਾਚ, ਸੰਗੀਤ ਅਤੇ ਕਵਿਤਾ ਗਾਇਨ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਪੰਜਾਬ ਦੇ ਵਸਨੀਕਾਂ ਨੂੰ ਉੱਤਰ-ਪੂਰਬੀ ਖੇਤਰਾਂ ਦੇ ਸੱਭਿਆਚਾਰਕ ਦਾ ਅਨੁਭਵ ਹਾਸਲ ਕਰਨ ਲਈ ਪਲੇਟਫਾਰਮ ਪ੍ਰਦਾਨ ਕੀਤਾ ਗਿਆ।
ਪੰਜਾਬ ਰਾਜ ਭਵਨ ਵਿਖੇ ਕਰਵਾਏ ਗਏ ਸਥਾਪਨਾ ਦਿਵਸ ਸਮਾਰੋਹ ਨੇ ਉੱਤਰ-ਪੂਰਬੀ ਰਾਜਾਂ ਅਤੇ ਪੰਜਾਬ ਦਰਮਿਆਨ ਇੱਕ ਪੁਲ ਦਾ ਕੰਮ ਕਰਦਿਆਂ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕੀਤਾ। ਇਸ ਸਮਾਗਮ ਨੇ ਅਨੇਕਤਾ ਵਿੱਚ ਏਕਤਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।
ਇਸ ਮੌਕੇ ਦਰਸ਼ਕਾਂ ਲਈ ਮੇਘਾਲਿਆ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ ਦਾ ਵੀਡੀਓ ਸੰਦੇਸ਼ ਚਲਾਇਆ ਗਿਆ ਅਤੇ ਸਿਸਟਰ ਸਟੇਟਸ ‘ਤੇ ਇੱਕ ਦਸਤਾਵੇਜ਼ੀ ਫਿਲਮ ਵੀ ਚਲਾਈ ਗਈ।
ਰਾਸ਼ਟਰੀ ਏਕਤਾ ਪ੍ਰੋਗਰਾਮ ਤਹਿਤ ਸਦਭਾਵਨਾ ਟੂਰ ‘ਤੇ ਆਏ ਲੇਹ ਅਤੇ ਲੱਦਾਖ ਦੇ ਵਿਦਿਆਰਥੀ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਏ।
ਇਸ ਮੌਕੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸ੍ਰੀ ਸਤਿਆਪਾਲ ਜੈਨ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ. ਸ਼ਿਵਾ ਪ੍ਰਸਾਦ (ਆਈ.ਏ.ਐਸ), ਪ੍ਰਸ਼ਾਸਕ ਯੂ.ਟੀ ਚੰਡੀਗੜ੍ਹ ਦੇ ਸਲਾਹਕਾਰ ਸ੍ਰੀ ਨਿਤਿਨ ਕੁਮਾਰ ਯਾਦਵ ਅਤੇ ਯੂਟੀ ਚੰਡੀਗੜ੍ਹ ਦੇ ਹੋਰ ਸੀਨੀਅਰ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਹਾਜ਼ਰ ਸਨ।
Spread the love