ਈਸੇਵਾਲ/ਲੁਧਿਆਣਾ, 14 ਸਤੰਬਰ 2021 ਅੱਜ 1971 ਦੀ ਭਾਰਤ-ਪਾਕਿ ਜੰਗ ਦੀ ਸੁਨਹਿਰੀ ਜਿੱਤ ਦੇ 50 ਸਾਲਾ ਸਮਾਰੋਹ ਮੌਕੇ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਸਰਕਾਰੀ ਹਾਇਰ ਸੈਕੰਡਰੀ ਸਕੂਲ, ਈਸੇਵਾਲ, ਲੁਧਿਆਣਾ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦੇ ਬੁੱਤ ਦਾ ਉਦਘਾਟਨ, ਏਅਰ ਮਾਰਸ਼ਲ ਬੀ ਆਰ ਕ੍ਰਿਸ਼ਨਾ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸ਼ੌਰਿਆ ਚੱਕਰ, ਏਅਰ ਅਫਸਰ ਕਮਾਂਡਿੰਗ-ਇਨ-ਚੀਫ, ਪੱਛਮੀ ਏਅਰ ਕਮਾਂਡ, ਭਾਰਤੀ ਹਵਾਈ ਸੈਨਾ ਦੁਆਰਾ ਕੀਤਾ ਗਿਆ।
ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ-ਪਾਕਿ ਜੰਗ ਦੌਰਾਨ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਦੁਸ਼ਮਣ ਦੇ ਦੰਦ ਖੱਟੇ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹ ਭਾਰਤੀ ਹਵਾਈ ਸੈਨਾ ਦੇ ਇੱਕੋ-ਇੱਕ ਅਧਿਕਾਰੀ ਹਨ ਜਿਨ੍ਹਾਂ ਨੂੰ ਦੇਸ਼ ਦਾ ਸਰਵਉੱਚ ਬਹਾਦਰੀ ਪੁਰਸਕਾਰ ਦਿੱਤਾ ਗਿਆ ਹੈ।
ਏਅਰ ਅਫਸਰ ਕਮਾਂਡਿੰਗ-ਇਨ-ਚੀਫ ਵੱਲੋਂ 1971 ਦੇ ਜੰਗੀ ਫੌਜੀਆਂ ਅਤੇ ਸ਼ਹੀਦ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸਮਾਗਮ ਦੀ ਸਮਾਪਤੀ ਸੂਰਿਆ ਕਿਰਨ ਏਰੋਬੈਟਿਕ ਟੀਮ ਦੁਆਰਾ ਹਵਾਈ ਪ੍ਰਦਰਸ਼ਨੀ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਬਜ਼ੁਰਗਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਦੌਰਾਨ ਇੰਡੀਅਨ ਏਅਰ ਫੋਰਸ ਬੈਂਡ ਨੇ ਹਾਜ਼ਰੀਨ ਨੂੰ ਰੂਹਾਨੀ ਧੁਨਾਂ ਨਾਲ ਮੋਹਿਤ ਕੀਤਾ।