ਵੈਕਸੀਨ ਦੀ ਦੂਜੀ ਡੋਜ ਸਮੇਂ ਸਿਰ ਲਗਵਾਉਣ ‘ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਪੂਰੀ ਇਮਿਊਨਿਟੀ : ਡਾ. ਗੁਰਿੰਦਰਬੀਰ ਕੌਰ

GURINDERBIR KAUR
ਵੈਕਸੀਨ ਦੀ ਦੂਜੀ ਡੋਜ ਸਮੇਂ ਸਿਰ ਲਗਵਾਉਣ 'ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਪੂਰੀ ਇਮਿਊਨਿਟੀ : ਡਾ. ਗੁਰਿੰਦਰਬੀਰ ਕੌਰ
 ਲੋਕ ਦੂਜੀ ਡੋਜ ਦੀ ਅਹਿਮੀਅਤ ਨੂੰ ਸਮਝਣ : ਸਿਵਲ ਸਰਜਨ
ਨਵਾਂਸ਼ਹਿਰ, 18 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਯੋਗ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਕੋਵਿਡ-19 ਵੈਕਸੀਨ ਦੀਆਂ ਡੋਜਾਂ ਦੀ ਕੁੱਲ ਗਿਣਤੀ 555167 ਨੂੰ ਪਾਰ ਕਰ  ਗਈ ਹੈ

ਹੋਰ ਪੜ੍ਹੋ :-ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਨਗਰ ਕੌਂਸਲ ਬਰਨਾਲਾ ਦੀ ਕੀਤੀ ਗਈ ਅਚਨਚੇਤ ਚੈਕਿੰਗ

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਵਿਰੁੱਧ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੇ ਹੁਣ ਤੱਕ ਕੁੱਲ 555167 ਡੋਜਾਂ ਲੈ ਲਈਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ।
ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਵੱਧ ਤੋਂ ਵੱਧ ਕੋਵਿਡ ਵੈਕਸੀਨੇਸ਼ਨ ਕਰਕੇ ਸੰਭਾਵਿਤ ਤੀਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਦੀ ਦੂਜੀ ਡੋਜ ਡਿਊ ਹੈ, ਪਰ ਉਹ ਵੈਟਸੀਨੇਸ਼ਨ ਲਈ ਅੱਗੇ ਨਹੀਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਦੂਜੀ ਡੋਜ “ਮਿਸ” ਕਰਦਾ ਹੈ ਤਾਂ ਉਸ ਲਈ ਕੋਵਿਡ-19 ਸੰਕ੍ਰਮਿਤ ਹੋਣ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਡੋਜ ਨਾਲ ਸਾਨੂੰ ਕੋਵਿਡ-19 ਸੰਕ੍ਰਮਣ ਤੋਂ 50 ਫੀਸਦੀ ਤੋਂ ਵੱਧ ਸੁਰੱਖਿਆ ਮਿਲਦੀ ਹੈ, ਜਦੋਂਕਿ ਦੂਜੀ ਡੋਜ ਨਾਲ ਇਹ ਸੁਰੱਖਿਆ ਵਧ ਕੇ ਤਕਰੀਬਨ 90 ਫੀਸਦੀ ਤੱਕ ਪਹੁੰਚ ਜਾਂਦੀ ਹੈ ਪਰ ਜੇਕਰ ਅਸੀਂ ਦੂਜੀ ਡੋਜ ਨਿਰਧਾਰਿਤ ਸਮੇਂ ‘ਤੇ ਨਹੀਂ ਲੈਂਦੇ ਹਾਂ ਤਾਂ ਇਸ ਨਾਲ ਸੰਪੂਰਨ ਇਮਿਊਨਿਟੀ ਬਣਨ ਵਿੱਚ ਰੁਕਾਵਟ ਖੜ੍ਹੀ ਹੋ ਸਕਦੀ ਹੈ।
ਕੋਵਿਡ-19 ਦੀ ਜ਼ਿਲ੍ਹੇ ਵਿੱਚ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਹੁਣ ਸ਼ਹਿਰ ਵਿੱਚ ਕੁੱਲ 4 ਐਕਟਿਵ ਮਰੀਜ਼ ਰਹਿ ਗਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 329682 ਵਿਅਕਤੀਆਂ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 11468 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਦੋਂਕਿ ਜ਼ਿਲ੍ਹੇ ਵਿਚ 11076 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਰਿਕਵਰੀ ਦੀ ਮੌਜੂਦਾ ਦਰ 96.58 ਫੀਸਦ ਹੋ ਗਈ ਹੈ। ਜ਼ਿਲ੍ਹੇ ਦੀ ਪਾਜਟੀਵਿਟੀ ਦਰ 3.47 ਫੀਸਦੀ ਹੈ।
Spread the love