ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਵਿੱਚ ਜ਼ਿਲ੍ਹਾ ਬਰਨਾਲਾ ਲਗਾਤਾਰ ਮੋਹਰੀ : ਸਿਵਲ ਸਰਜਨ

CS
ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਵਿੱਚ ਜ਼ਿਲ੍ਹਾ ਬਰਨਾਲਾ ਲਗਾਤਾਰ ਮੋਹਰੀ : ਸਿਵਲ ਸਰਜਨ

ਜ਼ਿਲ੍ਹਾ ਹਸਪਤਾਲ ਬਰਨਾਲਾ ਅਤੇ ਸੀ.ਐਚ.ਸੀ ਧਨੌਲਾ ਰਾਜ ਭਰ ਵਿੱਚੋਂ ਅੱਵਲ

 ਬਰਨਾਲਾ, 3 ਦਸੰਬਰ 2021

ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ੍ਰੀ ਓ.ਪੀ.ਸੋਨੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਬਰਨਾਲਾ ਚ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਮਿਆਰ ਵਧਾਉਣ ਅਤੇ ਸਿਹਤ ਸਹੂਲਤਾਂ ਹਰ ਇੱਕ ਦੀ ਪਹੁੰਚ ਵਿੱਚ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਹਰ ਇੱਕ ਲੋੜਵੰਦ ਸਮੇਂ-ਸਿਰ ਸਿਹਤ ਸਹੂਲਤਾਂ ਦਾ ਲਾਭ ਲੈ ਸਕੇ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਹਾਜ਼ਰੀ ਵਿਚ ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲ

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਨਵੰਬਰ, 2021 ਵਿੱਚ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਸਪਤਾਲਾਂ ਦੁਆਰਾ 1233 ਮਰੀਜਾਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਗਿਆ ਹੈ। ਨਵੰਬਰ ਮਹੀਨੇ ਵਿੱਚ ਸਿਵਲ ਹਸਪਤਾਲ ਬਰਨਾਲਾ ਨੇ 802 ਮਰੀਜਾਂ ਦਾ ਇਸ ਸਕੀਮ ਤਹਿਤ ਬਿਲਕੁਲ ਮੁਫ਼ਤ ਇਲਾਜ ਕੀਤਾ ਹੈ, ਜੋ ਕਿ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਹੈ, ਜਦੋਂ ਕਿ ਸਬ-ਡਵੀਜ਼ਨਲ ਹਸਪਤਾਲ ਤਪਾ ਦੁਆਰਾ 174 ਮਰੀਜਾਂ ਦਾ ਬਿਲਕੁਲ ਮੁ਼ਫ਼ਤ ਇਲਾਜ ਕੀਤਾ ਗਿਆ ਜੋ ਕਿ ਪੰਜਾਬ ਦੇ ਸਬ- ਡਵੀਜ਼ਨਲ ਹਸਪਤਾਲਾਂ ਵਿੱਚੋਂ ਤੀਜੇ ਨੰਬਰ ਤੇ ਰਿਹਾ । ਸੀ.ਐਚ.ਸੀ ਹਸਪਤਾਲ ਧਨੌਲਾ ਦੁਆਰਾ 115 ਮਰੀਜਾਂ ਦਾ ਸਕੀਮ ਤਹਿਤ ਮੁਫ਼ਤ ਇਲਾਜ ਕੀਤਾ ਗਿਆ, ਜੋ ਕਿ ਪੰਜਾਬ ਦੇ ਸੀ.ਐਚ.ਸੀ ਹਸਪਤਾਲਾਂ ਵਿੱਚੋਂ ਪਹਿਲੇ ਨੰਬਰ ਤੇ ਰਿਹਾ। ਡਾ਼ ਔਲਖ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਵੰਬਰ ਮਹੀਨੇ ਵਿੱਚ ਪੰਜਾਬ ਭਰ ਵਿੱਚੋਂ ਫ਼ਰੀਦਕੋਟ ਅਤੇ ਪਟਿਆਲਾ ਜ਼ਿਲ੍ਹੇ ਨੂੰ ਛੱਡ ਕੇ ਜਿੱਥੇ ਕਿ ਮੈਡੀਕਲ ਕਾਲਜ ਹਨ, ਉਨ੍ਹਾਂ ਤੋਂ ਬਾਅਦ ਤੀਜੇ ਨੰਬਰ ਤੇ ਰਿਹਾ ਹੈ।

ਡਾ਼ ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੀ.ਐਚ.ਐਚ.ਸੀ ਭਦੌੜ ਵੇਖੇ 55 ਮਰੀਜਾਂ, ਸੀ.ਐਚ.ਸੀ ਚੰਨਣਵਾਲ ਵਿਖੇ 48 ਮਰੀਜਾਂ ਅਤੇ ਸੀ.ਐਚ.ਸੀ ਮਹਿਲ ਕਲਾਂ ਵਿਖੇ 40 ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਡਾ. ਔਜਲਾ ਨੇ ਦੱਸਿਆ ਕਿ ਹਰ ਇੱਕ ਯੋਗ ਪਰਿਵਾਰ 5 ਲੱਖ ਰੁਪਏ ਤੱਕ ਦਾ ਪ੍ਰਤੀ ਸਾਲ ਮੁਫ਼ਤ ਇਲਾਜ ਕਰਵਾ ਸਕਦਾ ਹੈ। ਇਸ ਸਕੀਮ ਤਹਿਤ ਬਰਨਾਲਾ ਜ਼ਿਲ੍ਹੇ ਦੇ ਹਸਪਤਾਲਾਂ ਅੰਦਰ ਹੱਡੀਆਂ ਦੇ ਅਪਰੇਸ਼ਨ, ਅੱਖਾਂ ਦੇ ਅਪਰੇਸ਼ਨ, ਜਨਰਲ ਸਰਜਰੀਆਂ, ਜਨਰਲ ਮੈਡੀਸਨ, ਡਾਇਲਸਿਸ, ਜਣੇਪਾ ਆਦਿ ਦਾ ਇਲਾਜ ਸਕੀਮ ਤਹਿਤ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ, ਅਤੇ ਜ਼ਿਲ੍ਹਾ ਕੋਆਰਡੀਨੇਟਰ ਸੰਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਇਸ ਸਕੀਮ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਸਕੀਮ ਦੇ ਕਾਰਡ ਬਣਵਾਉਣ ਤੋਂ ਵਾਂਝੇ ਰਹਿੰਦੇ ਪਰਿਵਾਰਾਂ ਵੱਲੋਂ ਕਾਰਡ ਜਲਦ ਤੋਂ ਜਲਦ ਬਣਵਾਏ ਜਾਣ, ਅਤੇ ਇਸ ਸਿਹਤ ਸਹੂਲਤ ਦਾ ਫਾਇਦਾ ਵੱਧ ਤੋਂ ਵੱਧ ਲਿਆ ਜਾਵੇ। ਸਕੀਮ ਸਬੰਧੀ ਕਾਰਡ ਬਣਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਲਾਭਪਾਤਰੀ ਕਾਰਡ ਆਦਿ ਲੈ ਕੇ ਨੇੜੇ ਦੇ ਸੂਚੀਬੱਧ ਹਸਪਤਾਲਾਂ ਤੋਂ ਜਾਂ ਫਿਰ ਨੇੜਲੇ ਕਾਮਨ ਸਰਵਿਸ ਸੈਂਟਰਾਂ ਅਤੇ ਸੇਵਾ ਕੇਂਦਰਾਂ ਤੋਂ ਬਣਵਾਇਆ ਜਾ ਸਕਦਾ ਹੈ।

Spread the love