ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬੇਹੱਦ ਜ਼ਰੂਰੀ: ਡਾ. ਸਿਮਰਨ ਅਕਸ

ਬਰਨਾਲਾ, 8 ਫਰਵਰੀ :- 
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇ ਉਪਰਾਲੇ ਤਹਿਤ ਜ਼ਿਲਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਉੱਚ ਸਿੱਖਿਆ ਇੰਸਟੀਚਿਊਟ ਵੱਲੋਂ ਸਕੂਲ ਮੈਂਟ੍ਰਿੰਗ ਗਤੀਵਿਧੀ ਤਹਿਤ ਚਾਰ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵੱਖ ਵੱਖ ਉੱਚ ਸੰਸਥਾਵਾਂ ਤੋਂ ਆਏ ਸਿੱਖਿਆ ਸ਼ਾਸਤਰੀਆਂ ਵੱਲੋਂ ਰਿਸੋਰਸ ਪਰਸਨ ਦੇ ਤੌਰ ‘ਤੇ ਵਰਕਸ਼ਾਪ ਵਿੱਚ ਹਿੱਸਾ ਲਿਆ ਗਿਆ।
 ਪ੍ਰਸਿੱਧ ਲੇਖਿਕਾ ਡਾਕਟਰ ਸਿਮਰਨ ਅਕਸ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਦਰਮਿਆਨ ਅਸਲ ਰਾਬਤਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ, ਬੱਚਿਆਂ ਦੇ ਮਾਨਸਿਕ ਪੱਧਰ ‘ਤੇ ਪਹੁੰਚ ਕੇ ਪੜ੍ਹਾਉਣ ਦੀ ਕਲਾ, ਕੁਦਰਤ ਤੋਂ ਸਹਿਜ, ਸਬਰ ਅਤੇ ਸਹਿਣਸ਼ੀਲਤਾ ਦੇ ਗੁਣ ਸਿੱਖਣ ਅਤੇ ਸਿਖਾਉਣ ਸਬੰਧੀ ਭਾਸ਼ਣ ਦਿੱਤਾ ਗਿਆ। ਉਹਨਾਂ ਅਧਿਆਪਕਾਂ ਨੂੰ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਲੈਕਚਰਾਰ ਰਮਨਦੀਪ ਅਤੇ ਡੀਐਮ ਕਮਲਦੀਪ ਵੱਲੋਂ ਨਵੀਂ ਸਿੱਖਿਆ ਨੀਤੀ 2020 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਕਵਿਤਾ ਮਿੱਤਲ ਨੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਸੰਚਾਰ ਦੀ ਮਹੱਤਤਾ ਬਾਰੇ ਦੱਸਿਆ। ਮੈਡਮ ਮਨਦੀਪ ਸ਼ਰਮਾ ਨੇ ਬੱਚਿਆਂ ਦੇ ਮਨੋਵਿਗਿਆਨ ਅਤੇ ਸਿੱਖਿਆ ਤੇ ਪ੍ਰਭਾਵ ਬਾਰੇ ਵਿਸਥਾਰ ਪੂਰਵਕ ਲੈਕਚਰ ਦਿੱਤਾ।
 ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਨੇ ਅਧਿਆਪਕਾਂ ਨੂੰ ਇਸ ਵਰਕਸ਼ਾਪ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਇਹ ਵਰਕਸ਼ਾਪ ਬਹੁਤ ਲਾਹੇਵੰਦ ਰਹੇਗੀ। ਵਰਕਸ਼ਾਪ ਦਾ ਸਮੁੱਚਾ ਪ੍ਰਬੰਧ ਬਲਾਕ ਨੋਡਲ ਅਧਿਕਾਰੀਆਂ ਅਤੇ ਡੀਐੱਮਜ਼ ਦੀ ਦੇਖ-ਰੇਖ ਹੇਠ ਬਲਾਕ ਮੈਂਟਰਜ਼ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਡੀਐੱਮ ਸਾਇੰਸ ਪ੍ਰਿੰਸੀਪਲ ਹਰੀਸ਼ ਬਾਂਸਲ, ਬਲਾਕ ਨੋਡਲ ਅਫ਼ਸਰ ਹੈਡਮਿਸਟ੍ਰੇਸ ਹਰਪ੍ਰੀਤ ਕੌਰ, ਹੈਡਮਾਸਟਰ ਜਸਵਿੰਦਰ ਸਿੰਘ, ਡੀਐਸਐਮ ਰਾਜੇਸ਼ ਗੋਇਲ, ਹੈਡਮਾਸਟਰ ਪ੍ਰਦੀਪ ਸ਼ਰਮਾ, ਡੀ ਐਮ ਅੰਗਰੇਜ਼ੀ ਅਮਨਿੰਦਰ ਕੁਠਾਲਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਡੀਐੱਮ ਮੋਹਿੰਦਰਪਾਲ, ਬੀਐਮ ਤੇਜਿੰਦਰ ਸ਼ਰਮਾ, ਨਵਦੀਪ ਮਿੱਤਲ, ਸਤੀਸ਼ ਜੈਦਕਾ, ਸੁਖਪਾਲ ਢਿੱਲੋਂ ਹਾਜ਼ਰ ਰਹੇ।
Spread the love