![ਡਾ ਬਲਬੀਰ ਚੰਦ ਡਾ ਬਲਬੀਰ ਚੰਦ](https://newsmakhani.com/wp-content/uploads/2022/03/ਡਾ-ਬਲਬੀਰ-ਚੰਦ.jpg)
ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਫੀਲਡ ਸਟਾਫ਼ ਦੇ ਕੰਮਾਂ ਦੀ ਪ੍ਰਗਤੀ ਵਾਚਣ ਲਈ ਰਿਵਿਓੂ ਮੀਟਿੰਗ ਕੀਤੀ
ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣ
ਬਰਨਾਲਾ, 12 ਮਾਰਚ 2022
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਬੀਰ ਚੰਦ ਨੇ ਸਮੂਹ ਫੀਲਡ ਸਟਾਫ਼ ਜਿਨ੍ਹਾਂ ਵਿੱਚ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉਪ ਨਿਰੀਖਕ ਤੇ ਬੀ ਟੀ ਐਮ(ਆਤਮਾ) ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਸਥਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਰਿਵਿਊ ਕੀਤਾ ਗਿਆ।
ਹੋਰ ਪੜ੍ਹੋ :-ਭਗਵੰਤ ਮਾਨ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ ਪੇੇਸ਼
ਮੀਟਿੰਗ ਦੌਰਾਨ ਉਨ੍ਹਾਂ ਸਮੂਹ ਸਟਾਫ਼ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਤੇ ਤੇਲੇ ਤੇ ਪੀਲੀ ਕੁੰਗੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੇ ਬੇਲੋੜੇ ਖੇਤੀ ਖਰਚੇ ਘਟਾਏ ਜਾਣ ਅਤੇ ਮਿਆਰੀ ਪੱਧਰ ਦੀ ਉਪਜ ਪੈਦਾ ਕਰਨ ਲਈ ਕਿਸਾਨਾਂ ਵਿੱਚ ਖੇਤੀ ਵਿਗਿਆਨਕ ਸੋਚ ਪੈਦਾ ਕੀਤੀ ਜਾਵੇ ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਉੱਚ ਮਿਆਰੀ ਦੇ ਉਤਪਾਦ ਮੁਹੱਈਆ ਕਰਵਾਉਣ ਲਈ ਨਿਰਧਾਰਿਤ ਟੀਚਿਆਂ ਅਨੁਸਾਰ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜਾਂ ਦੇ ਸੈਂਪਲ ਲਏ ਜਾਣ , ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਝੋਨੇ ਹੇਠੋ ਰਕਬਾ ਘਟਾ ਕੇ ਹੋਰ ਫ਼ਸਲਾਂ ਹੇਠ ਏਰੀਆ ਵਧਾਉਣ ਦੀਆਂ ਹਰ ਸੰਭਵ ਕੋਸ਼ਿਸ਼ਾ ਕੀਤੀਆਂ ਜਾਣ। ਨਰਮੇ ਦੀ ਬਿਜਾਈ ਦਾ ਸਮਾਂ ਆ ਰਿਹਾ ਹੈ, ਪਿਛਲੇ ਸਾਲ ਦੌਰਾਨ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਸੀ। ਕਿਸਾਨਾਂ ਨੂੰ ਇਸ ਨੁਕਸਾਨ ਤੋਂ ਬਚਾਉਣ ਲਈ ਨਰਮੇ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਪਈਆਂ ਛਟੀਆਂ ਦੇ ਢੇਰਾਂ ਤੇ ਉਸ ਵਿੱਚ ਅਧਖਿੜੇ ਟੀਡਿਂਆਂ ਨੂੰ ਝਾੜ ਕੇ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਸੰਭਾਂਵੀ ਹਮਲੇ ਦੀ ਅਗਾਊ ਰੋਕਥਾਮ ਸੰਬੰਧੀ ਪਿੰਡਾਂ ਵਿੱਚ ਅਨਾਊਸਮੈਂਟਾਂ ਕਰਵਾਈਆਂ ਜਾਣ, ਬਲਾਕ ਪੱਧਰ ਤੇ, ਪਿੰਡ ਪੱਧਰ ਤੇ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਵਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇ।
ਇਸ ਤੋਂ ਇਲਾਵਾ ਬਲਾਕਾਂ ਵਿੱਚ ਕੀਤੀਆਂ ਜਾਂਦੀਆਂ ਫੀਲਡ ਗਤੀਵਿਧੀਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ, ਸਮੇਂ-ਸਮੇਂ ਖੇਤਾਂ ਦਾ ਦੌਰਾ ਕੀਤਾ ਜਾਵੇ ਤੇ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ ਨਾਲ ਕੁਝ ਨਵਾਂ ਸਿੱਖਣ ਤੇ ਆਪਣੀ ਖੇਤੀ ਵਿੱਚ ਨਵੀਨੀਕਰਨ ਲਿਆਉਣ ਤੇ ਨਵੀਆਂ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਇਸ ਮੌਕ ਡਾ. ਗੁਰਚਰਨ ਸਿੰਘ, ਖੇਤੀਬਾੜੀ ਅਫਸਰ ਸਹਿਣਾ, ਡਾ. ਸੁਖਪਾਲ ਸਿੰਘ ਖੇਤੀਬਾੜੀ ਅਫ਼ਸਰ ਬਰਨਾਲਾ, ਸਮੂਹ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ , ਖੇਤੀਬਾੜੀ ਉਪ ਨਿਰੀਖਕ ਤੇ ਬੀ ਟੀ ਐਮ ਹਾਜ਼ਰ ਸਨ।