ਚੰਡੀਗੜ੍ਹ, 27 ਅਪ੍ਰੈਲ:
ਪੰਜਾਬ ਵਿੱਚ ਗ਼ੈਰਕਾਨੂੰਨੀ ਲਾਟਰੀਆਂ/ਪਰਚੀਆਂ/ਦੜਾ-ਸੱਟਾ ਆਦਿ ਦੇ ਕਾਰੋਬਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਡਾਇਰੈਕਟੋਰੇਟ ਆਫ਼ ਪੰਜਾਬ ਰਾਜ ਲਾਟਰੀਜ਼ ਵੱਲੋਂ ਰੋਪੜ ਸ਼ਹਿਰ’ ਚ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਗਠਤ ਟੀਮ ਨੇ ਰੋੋਪੜ ਸ਼ਹਿਰ ‘ਚ ਛਾਪੇਮਾਰੀ ਦੌਰਾਨ ਵੱਖ-ਵੱਖ ਲਾਟਰੀ ਸਟਾਲਾਂ ‘ਤੇ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲਾਟਰੀ ਦੀ ਆੜ ਵਿੱਚ ਕੋਈ ਗ਼ੈਰਕਾਨੂੰਨੀ ਕਾਰੋਬਾਰ ਤਾਂ ਨਹੀਂ ਚਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮੂਹ ਲਾਟਰੀ ਵਿਕਰੇਤਾਵਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜੇ ਕੋਈ ਵਿਅਕਤੀ ਗ਼ੈਰ-ਕਾਨੂੰਨੀ ਲਾਟਰੀ/ਦੜਾ-ਸੱਟਾ ਅਤੇ ਪਰਚੀ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਲਾਟਰੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਗ਼ੈਰਕਾਨੂੰਨੀ ਲਾਟਰੀ ਦੇ ਕਾਰੋਬਾਰ ਨੂੰ ਰੋਕਣ ਲਈ ਅਜਿਹੀਆਂ ਅਚਨਚੇਤੀ ਛਾਪੇਮਾਰੀਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।