ਕਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਸਣੇ ਹੋਰ ਸਹੂਲਤਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਤੋਟ: ਸਿਵਲ ਸਰਜਨ

ਜ਼ਿਲਾ ਵਾਸੀਆਂ ਨੂੰ ਟੀਕਾਕਰਨ ਅਤੇ ਸੈਂਪਲਿੰਗ ਮੁਹਿੰਮ ਵਿਚ ਸਹਿਯੋਗ ਦੇਣ ਦਾ ਸੱਦਾ
ਬਰਨਾਲਾ, 26 ਅਪਰੈਲ
ਜ਼ਿਲਾ ਬਰਨਾਲਾ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰਾਂ ਯਤਨਸ਼ੀਲ ਹੈ ਅਤੇ ਆਕਸੀਜਨ ਸਪਲਾਈ ਸਣੇ ਕਿਸੇ ਵੀ ਤਰਾਂ ਦੀਆਂ ਸਹੂਲਤਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ  ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ।
ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲੇ ਵਿਚ ਟੀਕਾਕਰਨ ਅਤੇ ਸੈਂਪਲਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ 97,644 ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਵਿਚੋਂ 3439 ਕੇਸ ਪਾਜ਼ੇਟਿਵ ਆਏ ਹਨ। ਉਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 127 ਨਵੇਂ ਕਰੋਨਾ ਮਰੀਜ਼ ਆਏ ਹਨ। 25 ਅਪਰੈਲ ਤੱਕ ਜ਼ਿਲਾ ਬਰਨਾਲਾ ਵਿਚ 420 ਐਕਟਿਵ ਕੇਸ ਹਨ।
ਟੀਕਾਕਰਨ ਬਾਰੇ ਗੱਲ ਕਰਦੇ ਹੋਏ ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 41,333 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਵੈਕਸੀਨ ਲਵਾਉਣ ਦੇ ਯੋਗ ਹੋਣਗੇ।
ਜ਼ਿਲਾ ਬਰਨਾਲਾ ਦੇ ਕਿਹੜੇ ਕਿਹੜੇ ਹਸਪਤਾਲਾਂ ਵਿਚ ਕਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਦੀ ਸਹੂਲਤ ਹੈ, ਸਵਾਲ ਦੇ ਜਵਾਬ ਵਿਚ ਸਿਵਲ ਸਰਜਨ ਨੇ ਦੱਸਿਆ ਕਿ ਸੋਹਲ ਪੱਤੀ ਲੈਵਲ 2 ਫੈਸਿਲਟੀ ਚੱਲ ਰਹੀ ਹੈ, ਜੋ 50 ਬਿਸਤਰਿਆਂ ਵਾਲੀ ਹੈ। ਇਸ ਤੋਂ ਇਲਾਵਾ ਮਹਿਲ ਕਲਾਂ ਵਿਖੇ ਵੀ 30 ਬੈੱਡਜ਼ ਦੀ ਸਹੂਲਤ ਕੱਲ ਚਾਲੂ ਕੀਤੀ ਗਈ ਹੈ, ਜਿੱਥੇ ਅਜੇ ਇਕ ਮਰੀਜ਼ ਦਾਖਲ ਹੈ। ਉਨਾਂ ਕਿਹਾ ਕਿ 80 ਬਿਸਤਰਿਆਂ ਦੀ ਸਹੂਲਤ ਚਾਲੂ ਹੈ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਇਸ ਸਹੂਲਤ ਵਿਚ ਵਾਧਾ ਕਰਨ ਦੇ ਪ੍ਰਬੰਧ ਵੀ ਹਨ।   ਉਨਾਂ ਦੱਸਿਆ ਕਿ ਇਨਾਂ ਦੋਵੇਂ ਥਾਵਾਂ ’ਤੇ 27 ਮਰੀਜ਼ ਦਾਖਲ ਹਨ, ਜਿਨਾਂ ਵਿਚ 18 ਮਰੀਜ਼ ਆਕਸੀਜਨ ’ਤੇ ਹਨ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਸੁਵਿਧਾ ਬਿਲਕੁਲ ਮੁਫਤ ਹੈ।
ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਵਟਸਐਪ ਨੰਬਰ 88377-25608 ਜਾਰੀ ਕੀਤਾ ਗਿਆ ਹੈ, ਜਿਸ ਤੋਂ ਵੈਕਸੀਨ, ਸੈਂਪਲਿੰਗ ਜਾਂ ਕਰੋਨਾ ਵਾਇਰਸ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ। ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਗਲਤ ਸੂਚਨਾ ਦੇਣ ’ਤੇ ਕਾਰਵਾਈ ਵੀ ਕੀਤੀ ਜਾਵੇਗੀ।
ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾਉਣ ਅਤੇ ਹੋਰ ਇਹਤਿਆਤਾਂ ਦਾ ਖਿਆਲ ਰੱਖਣ ਅਤੇ ਆਪਣੀ ਵਾਰੀ ਆਉਣ ’ਤੇ ਵੈਕਸੀਨ ਜ਼ਰੂਰ ਲਗਵਾਉਣ। ਉਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਹ ਵੈਕਸੀਨ ਬਿਲਕੁਲ ਮੁਫਤ ਲਾਈ ਜਾ ਰਹੀ ਹੈ ਅਤੇ ਇਹ ਬਿਲਕੁਲ ਸੁਰੱਖਿਅਤ ਹੈ।

Spread the love