ਬਰਨਾਲਾ, 20 ਦਸੰਬਰ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ ਵਿੱਚ ਜ਼ਿਲਾ ਮੈਜਿਸਟਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਸੀਆਰਪੀਸੀ 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋੋਏ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਹੁਕਮ ਨੰਬਰ 516/ਐਮਏ ਮਿਤੀ 01/12/2021 ਜੋ ਕਿ ਪਿਠ ਅੰਕਣ ਨੰਬਰ 6098(11)/ ਐਮਏ ਮਿਤੀ 01/12/2021 ਵਿਚ ਦਰਜ ਕੋਵਿਡ ਸਬੰਧੀ ਹਦਾਇਤਾਂ ਮਿਤੀ 31-12-2021 ਤੱਕ ਲਾਗ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੋਰ ਪੜ੍ਹੋ :-ਜ਼ਿਲਾ ਅਤੇ ਸੈਸ਼ਨ ਜੱਜ ਬਰਨਾਲਾ ਵੱਲੋਂ ਜ਼ਿਲਾ ਜੇਲ ਦੀ ਅਚਨਚੇਤ ਚੈਕਿੰਗ
ਇਨਾਂ ਹੁਕਮਾਂ ਅਨੁਸਾਰ ਪੰਜਾਬ ਰਾਜ ਵਿੱਚ ਸਿਰਫ ਉਹੀ ਮੁਸਾਫਿਰ ਦਾਖਲ ਹੋ ਸਕਦੇ ਹਨ ਜਿਨਾਂ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ ਕੋਵਿਡ-19 ਤੋਂ ਮੁਕਤ ਹੋ ਚੁੱਕਾ ਹੋਵੇ ਜਾਂ ਆਰਟੀਪੀਸੀਆਰ ਦੀ ਰਿਪੋਰਟ ਨੈਗੇਟਿਵ ਹੋਵੇ ਜੋ ਕਿ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ।
ਕਿਸੇ ਵੀ ਤਰਾਂ ਦੇ ਇੱਕਠ ਕਰਨ ਲਈ ਇੰਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ 500 ਵਿਅਕਤੀਆਂ ਅਤੇ ਆਊਟਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ ਵੱਧ ਤੋਂ ਵੱਧ 700 ਵਿਅਕਤੀਆਂ ਦਾ ਇੱਕਠ ਕਰਨ ਦੀ ਹੀ ਆਗਿਆ ਹੋਵੇਗੀ ਪਰ ਇੰਡੋਰ/ਆਊਟਡੋਰ ਜਗਾ ਦੀ 50% ਸਮਰੱਥਾ ਤੋਂ ਵੱਧ ਇੱਕਠ ਨਹੀਂ ਹੋਣਾ ਚਾਹੀਦਾ। ਜਿਨਾਂ ਵੱਲੋਂ ਤਿਉਹਾਰ ਮਨਾਉਣ ਲਈ ਇਕੱਠ ਕੀਤਾ ਜਾਂਦਾ ਹੈ, ਉਨਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਇਕੱਠ ਵਿੱਚ ਉਹੀ ਸਟਾਫ ਸ਼ਾਮਿਲ ਹੋਵੇ ਜਿਨਾਂ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ 4 ਹਫਤੇ ਪਹਿਲਾਂ ਕੋਵਿਡ-19 ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਵੇ। ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜੇਕਰ ਕਿਸੇ ਵੀ ਮੰਤਵ ਲਈ ਇੱਕਠ ਕੀਤਾ ਜਾਂਦਾ ਹੈ ਤਾਂ ਉਸ ਇਕੱਠ ਵਿੱਚ ਕਿਸੇ ਵੀ ਇੱਕ ਸਮੇਂ 700 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਉਪਰੋਕਤ ਹਦਾਇਤਾਂ ਸਮੂਹ ਸਮਾਗਮਾਂ/ਇਕੱਠ ਸਮੇਤ ਰਾਜਨੀਤਿਕ ਪਾਰਟੀਆਂ ਦੀ ਰੈਲੀਆਂ ਅਤੇ ਮੀਟਿੰਗਾਂ ’ਤੇ ਲਾਗੂ ਹੋਣਗੀਆਂ।
ਇਨਾਂ ਹੁਕਮਾਂ ਅਨੁਸਾਰ ਸਮੂਹ ਬਾਰ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿਮ, ਮਾਲਜ਼, ਅਜਾਇਬ ਘਰ, ਚਿੜੀਆ ਘਰ ਆਦਿ 2/3 ਜਗਾ ਦੀ ਸਮਰੱਥਾ ਨਾਲ ਖੁੱਲਣ ਦੀ ਆਗਿਆ ਹੋਵੇਗੀ ਅਤੇ ਸਟਾਫ/ਕਰਮਚਾਰੀ ਕੋਵਿਡ-19 ਤੋਂ ਮੁਕਤ ਹੋ ਚੁੱਕਾ ਹੋਵੇ ਜਾਂ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ 4 ਹਫਤੇ ਪਹਿਲਾਂ ਕੋਵਿਡ-19 ਦੀ ਘੱਟੋ-ਘੱਟ 1 ਖੁਰਾਕ ਲੱਗੀ ਹੋਵੇ। ਇਸ ਤੋਂ ਇਲਾਵਾ ਸਵਿਮਿੰਗ ਪੂਲ, ਜਿਮ ਅਤੇ ਖੇਡਾਂ ਨਾਲ ਸਬੰਧਤ ਸਹੂਲਤਾਂ ਨੂੰ ਵਰਤਣ ਵਾਲੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੇ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਲੱਗੀ ਹੋਣੀ ਲਾਜ਼ਮੀ ਹੋਵੇਗੀ।
ਸਮੂਹ ਸਿਨੇਮਾ ਹਾਲ ਅਤੇ ਮਲਟੀਪਲੈਕਸ 100 ਫੀਸਦੀ ਸਮਰੱਥਾ ਨਾਲ ਖੁੱਲਣ ਦੀ ਆਗਿਆ ਹੋਵੇਗੀ। ਸਮੂਹ ਸਕੂਲਾਂ (ਸਮੇਤ ਖੇਡ ਦੇ ਮੈਦਾਨ) ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਜਾਂ 4 ਹਫਤੇ ਪਹਿਲਾਂ ਕੋਵਿਡ-19 ਦੀ ਘੱਟੋ-ਘੱਟ 1 ਡੋਜ਼ ਲੱਗੀ ਹੋਵੇ। ਜਿਹੜਾ ਸਟਾਫ ਕਿਸੇ ਵੀ ਬੀਮਾਰੀ (ਕੋ ਮੌਰਬਿਟੀਜ਼) ਨਾਲ ਪੀੜਤ ਹੈ ਉਹ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਦੀ ਸੂਰਤ ਵਿੱਚ ਹੀ ਸਕੂਲ ਵਿੱਚ ਹਾਜ਼ਰ ਹੋ ਸਕਦਾ ਹੈ। ਇਸ ਦੇ ਨਾਲ ਹੀ ਸਕੂਲ ਸਟਾਫ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਸਕੂਲ ਮੁਖੀ ਦੇ ਕੋਵਿਡ-19 ਦੀ ਸਿਰਫ ਇੱਕ ਖੁਰਾਕ ਲੱਗੀ ਹੋਈ ਹੈ ਤਾਂ ਆਪਣਾ ਰੋਜ਼ਾਨਾ ਟੈਸਟ ਕਰਵਾਕੇ ਸਾਵਧਾਨੀ ਰੱਖੀ ਜਾਵੇ। ਆਨਲਾਈਨ ਕਲਾਸਾਂ ਲਗਾਉਣ ਦੀ ਸੁਵਿਧਾ ਪਹਿਲਾਂ ਦੀ ਤਰਾਂ ਲਾਗੂ ਰਹੇਗੀ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਕਿ ਜ਼ਿਲਾ ਸਿੱਖਿਆ ਅਫਸਰ (ਐ:) ਬਰਨਾਲਾ ਨੂੰ ਹਦਾਇਤ ਕੀਤੀ ਜਾਂਦੀ ਹੈ ਜੇਕਰ ਕਿਸੇ ਤਹਿਸੀਲ/ਬਲਾਕ ਅੰਦਰ 0.2% ਤੋਂ ਵੱਧ ਕੇਸ ਪਾਜ਼ੇਟਿਵ ਹਨ ਤਾਂ ਚੌਥੀ ਜਮਾਤ ਜਾਂ ਇਸ ਤੋਂ ਘੱਟ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਬੰਦ ਰੱਖੇ ਜਾਣ।
ਸਮੂਹ ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਸਮੂਹ ਉੱਚ ਵਿੱਦਿਅਕ ਅਦਾਰਿਆਂ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਵਿਦਿਆਰਥੀਆਂ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਜਾਂ 4 ਹਫਤੇ ਪਹਿਲਾਂ ਕੋਵਿਡ-19 ਦੀ ਘੱਟੋ-ਘੱਟ 1 ਖੁਰਾਕ ਲੱਗੀ ਹੋਵੇ।
ਜਿਹੜਾ ਸਟਾਫ/ਵਿਦਿਆਰਥੀ ਕਿਸੇ ਵੀ ਬੀਮਾਰੀ (ਕੋ ਮੌਰਬਿਟੀ) ਨਾਲ ਪੀੜਤ ਹੈ ਉਹ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਦੀ ਸੂਰਤ ਵਿੱਚ ਹੀ ਵਿੱਚ ਹਾਜ਼ਰ ਹੋ ਸਕਦਾ ਹੈ। ਆਨਲਾਈਨ ਕਲਾਸਾਂ ਲਗਾਉਣ ਦੀ ਸੁਵਿਧਾ ਪਹਿਲਾਂ ਦੀ ਤਰਾਂ ਲਾਗੂ ਰਹੇਗੀ।
ਹੁਕਮਾਂ ਅਨੁਸਾਰ ਸਮੂਹ ਕਾਲਜ, ਕੋਚਿੰਗ ਸੈਂਟਰ, ਸਕੂਲਾਂ ਅਤੇ ਹੋਰ ਸਮੂਹ ਉੱਚ ਵਿੱਦਿਅਕ ਅਦਾਰਿਆਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਵਿਸ਼ੇਸ਼ ਕੈਂਪ ਰਾਹੀਂ ਪਹਿਲ ਦੇ ਆਧਾਰ ’ਤੇ ਕੋਵਿਡ-19 ਦੀ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਜਾਵੇ ਤਾਂ ਜੋ ਇਸ ਮਹੀਨੇ ਵਿੱਚ ਹੀ ਸਮੂਹ ਸਟਾਫ ਅਤੇ ਨਾਨ ਟੀਚਿੰਗ ਸਟਾਫ ਦੇ ਵੈਕਸੀਨੇਸ਼ਨ ਹੋ ਸਕੇ। ਇਸੇ ਤਰਾਂ ਦੂਜੀ ਖੁਰਾਕ ਵੀ ਪਹਿਲ ਦੇ ਆਧਾਰ ’ਤੇ ਲਗਵਾਈ ਜਾਵੇ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵੀ ਆਪਣੇ ਬੱਚਿਆਂ ਦੇ ਜਲਦ ਤੋਂ ਜਲਦ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਹੋਸਟਲਾਂ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਹੋਸਟਲਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ/ਦਿਸ਼ਾ-ਨਿਰਦੇਸ਼ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਸਮੂਹ ਆਂਗਣਵਾੜੀ ਸੈਂਟਰਾਂ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਸਟਾਫ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆ ਚਾਹੀਦੀਆਂ ਹਨ ਜਾਂ 4 ਹਫਤੇ ਪਹਿਲਾਂ ਕੋਵਿਡ-19 ਦੀ ਘੱਟੋ-ਘੱਟ 1 ਖੁਰਾਕ ਲੱਗੀ ਹੋਵੇ।
ਜਿਹੜਾ ਸਟਾਫ ਕਿਸੇ ਵੀ ਬੀਮਾਰੀ (ਕੋ ਮੌਰਬਿਟੀ) ਨਾਲ ਪੀੜਤ ਹੈ ਉਹ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਦੀ ਸੂਰਤ ਵਿੱਚ ਹੀ ਆਂਗਣਵਾੜੀ ਸੈਂਟਰ ਵਿੱਚ ਹਾਜ਼ਰ ਹੋ ਸਕਦਾ ਹੈ। ਇਸ ਦੇ ਨਾਲ ਹੀ ਸਟਾਫ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਮੁਖੀ ਦੇ ਕੋਵਿਡ-19 ਦੀ ਸਿਰਫ ਇੱਕ ਖੁਰਾਕ ਲੱਗੀ ਹੋਈ ਹੈ ਤਾਂ ਆਪਣਾ ਰੋਜ਼ਾਨਾ ਟੈਸਟ ਕਰਵਾ ਕੇ ਸਾਵਧਾਨੀ ਰੱਖੀ ਜਾਵੇ। ਜ਼ਿਲਾ ਇਸਤਰੀ ਅਤੇ ਬਾਲ ਵਿਕਾਸ ਅਫਸਰ ਬਰਨਾਲਾ/ਜ਼ਿਲਾ ਪ੍ਰੋਗਰਾਮ ਅਫਸਰ ਬਰਨਾਲਾ ਨੂੰ ਹਦਾਇਤ ਕੀਤੀ ਜਾਂਦੀ ਹੈ ਜੇਕਰ ਤਹਿਸੀਲ/ਬਲਾਕ ਅੰਦਰ 0.2% ਤੋਂ ਵੱਧ ਕੇਸ ਪਾਜ਼ੇਟਿਵ ਹਨ ਤਾਂ ਉਥੇ ਆਂਗਣਵਾੜੀ ਸੈਂਟਰ ਬੰਦ ਰੱਖੇ ਜਾਣ।
ਸਮੂਹ ਸਰਕਾਰੀ ਮੁਲਾਜ਼ਮਾਂ ਨੂੰ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੀ ਵੈਕਸੀਨੇਸ਼ਨ ਕਰਾਉਣੀ ਲਾਜ਼ਮੀ ਹੋਵੇਗੀ। ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੀ ਵੈਕਸੀਨੇਸ਼ਨ ਨਹੀਂ ਲਗਾਉਂਦਾ (ਸਿਵਾਏ ਕਿਸੇ ਮੈਡੀਕਲ ਕਾਰਨ) ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ
ਜ਼ਿਲਾ ਮੈਜਿਸਟ੍ਰੇਟ ਨੇ ਹਦਾਇਤ ਕੀਤੀ ਕਿ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਯਕੀਨੀ ਬਣਾਉਣ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।