ਬੁਰੀ ਤਰਾਂ ਫਲਾਪ ਹੋਈ ਕੋਵਿਡ 19 ਟੀਕਾਕਰਨ ਮੁਹਿੰਮ, ਸਰਕਾਰਾਂ ਨੇ ਰੱਬ ਆਸਰੇ ਛੱਡੀ ਪੰਜਾਬ ਦੀ ਜਨਤਾ: ਅਮਨ ਅਰੋੜਾ

AMAN ARORA
ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸੇਵਾਵਾਂ ਪੱਕੀਆਂ (ਰੈਗੂਲਰ) ਕਰਨ ਦਾ ਫ਼ੈਸਲਾ ਚੋਣਾਵੀਂ ਸਟੰਟ : ਅਮਨ ਅਰੋੜਾ

ਕੁਰਸੀ ਦੀ ਲੜਾਈ ‘ਚ ਕਰੋਨਾ ਦਾ ਕਹਿਰ ਭੁੱਲੀ ਸੱਤਾਧਾਰੀ ਕਾਂਗਰਸ: ਮੀਤ ਹੇਅਰ
ਤੀਜੀ ਲਹਿਰ ਦੇ ਖ਼ਤਰੇ ਤੋਂ ਲਾਪਰਵਾਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਸਤੀਫ਼ਾ ਦੇਣ: ਆਪ
ਚੰਡੀਗੜ੍ਹ, 27 ਜੁਲਾਈ 2021
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ‘ਚ ਕੋਵਿਡ 19 ਟੀਕਾਕਰਨ ਮੁਹਿੰਮ ਬੁਰੀ ਤਰਾਂ ਫਲਾਪ ਰਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਸੂਬਾ ਅਤੇ ਕੇਂਦਰ ਸਰਕਾਰ ‘ਤੇ ਗੰਭੀਰ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਅਸਤੀਫ਼ਾ ਮੰਗਿਆ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੁਨੀਆਂ ‘ਚ ਕਰੋਨਾ ਦੀ ਤੀਜੀ ਲਹਿਰ ਦੇ ਨਾਂ ‘ਤੇ ਹਊਆ ਖੜਾ ਹੋ ਰਿਹਾ ਹੈ, ਦੂਜੇ ਪਾਸੇ ਟੀਕਾਕਰਨ ਮੁਹਿੰਮ ਤਹਿਤ ਕੇਵਲ 5.35 ਫ਼ੀਸਦੀ ਲੋਕਾਂ ਨੂੰ ਦੂਸਰੀ ਡੋਜ਼ (ਖ਼ੁਰਾਕ) ਮੁਹੱਈਆ ਹੋ ਸਕੀ ਹੈ। ਮਤਲਬ 94 ਫ਼ੀਸਦੀ ਤੋਂ ਵੱਧ ਆਬਾਦੀ ਕਰੋਨਾ ਦੇ ਖ਼ਤਰੇ ਥੱਲੇ ਹੈ। ਇਹ ਸਿੱਧੇ ਤੌਰ ‘ਤੇ ਸੂਬਾ ਅਤੇ ਕੇਂਦਰ ਸਰਕਾਰ ਦੀ ਨਲਾਇਕੀ ਹੈ, ਜਿਨਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ।
ਅਮਨ ਅਰੋੜਾ ਨੇ ਕਿਹਾ, ‘ਮਿਸ਼ਨ ਫ਼ਤਹਿ’ ਸਰਕਾਰੀ ਖਜ਼ਾਨੇ ‘ਚੋਂ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਸੱਤਾਧਾਰੀ ਕਾਂਗਰਸ ਖਾਸ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੱਸਣ ਕਿ ਉਨਾਂ ਕਰੋਨਾ ਵਿਰੁੱਧ ਜੰਗ ਅਤੇ ਟੀਕਾਕਰਨ ਮੁਹਿੰਮ ਲਈ ਐਨੀ ਲਾਪਰਵਾਹੀ ਕਿਉਂ ਵਰਤੀ ਹੈ? ਕਿਉਂਕਿ ਅਜੇ ਤੱਕ ਕਰੋਨਾ ਤੋਂ ਪੂਰੀ ਸੁਰੱਖਿਆ ਲਈ ਲੋੜੀਂਦੀਆਂ ਦੋਵੇਂ ਖ਼ੁਰਾਕਾਂ (ਟੀਕੇ) ਸਿਰਫ਼ 17.62 ਲੱਖ ਲੋਕਾਂ ਦੇ ਲੱਗ ਸਕੀਆਂ ਹਨ, ਜਦੋਂਕਿ ਪਹਿਲੀ ਡੋਜ਼ (ਖ਼ੁਰਾਕ) ਲੈਣ ਵਾਲਿਆਂ ਦੀ ਗਿਣਤੀ ਵੀ ਸਿਰਫ਼ 77 ਲੱਖ 16 ਹਜ਼ਾਰ 433 ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਇੱਕ ਤਿਹਾਈ ਹਿੱਸਾ ਵੀ ਨਹੀਂ ਬਣਦਾ।
ਅਮਨ ਅਰੋੜਾ ਅਤੇ ਮੀਤ ਹੇਅਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋ ਨੈਤਿਕ ਆਧਾਰ ‘ਤੇ ਅਸਤੀਫ਼ਾ ਮੰਗਦਿਆਂ ਕਿਹਾ ਕਿ ਟੀਕਿਆਂ (ਖ਼ੁਰਾਕਾਂ) ਦੀ ਕਮੀ ਦਾ ਸਿਰਫ਼ ਕੇਂਦਰ ਸਿਰ ਠੀਕਰਾ ਭੰਨ ਕੇ ਸਿਹਤ ਮੰਤਰੀ ਅਤੇ ਕੈਪਟਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ‘ਆਪ’ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਕੁਰਸੀ ਦੀ ਆਪਸੀ ਲੜਾਈ ਦੌਰਾਨ ਪੰਜਾਬ ਦੇ ਸਾਰੇ ਅਹਿਮ ਮੁੱਦਿਆਂ ਨੂੰ ਛਿੱਕੇ ਟੰਗ ਦਿੱਤਾ ਹੈ। ਉਨਾਂ ਕਿਹਾ, ‘ਕਾਂਗਰਸੀਆਂ ਨੇ ਦਿੱਲੀ ਦੇ ਜਿੰਨੇ ਗੇੜੇ ‘ਕੁਰਸੀ’ ਖੋਹਣ ਜਾਂ ਬਚਾਉਣ ਲਈ ਲਾਏ ਹਨ, ਜੇਕਰ ਕੋਵਿਡ 19 ਟੀਕਾਕਰਨ ਟੀਕਿਆਂ ਲਈ ਲਾਏ ਹੁੰਦੇ ਤਾਂ ਟੀਕਾਕਰਨ ਮੁਹਿੰਮ ਨੇ ਇਸ ਕਦਰ ਫਲਾਪ ਨਹੀਂ ਹੋਣਾ ਸੀ।
ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਪੰਜਾਬ ਨਾਲ ਮਿੱਥ ਕੇ ਵਿਤਕਰਾ ਕਰਨ ਦਾ ਦੋਸ਼ ਲਗਾਇਆ। ਉਨਾਂ ਅਪੀਲ ਕੀਤੀ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਕਾਰਨ ਬਦਲੇਖੋਰੀ ਵਾਲੀ ਭਾਵਨਾ ਤਿਆਗ ਕੇ ਸੂਬੇ ਦੇ ਲੋਕਾਂ ਲਈ ਕਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਲੋੜੀਂਦੀ ਮਾਤਰਾ ‘ਚ ਭੇਜੇ ਤਾਂ ਕਿ ਪੰਜਾਬ ਦੀ ਜਨਤਾ ਕਰੋਨਾ ਦੇ ਸੰਭਾਵਿਤ ਤੀਸਰੇ ਹਮਲੇ ਤੋਂ ਸੁਰੱਖਿਅਤ ਰਹਿ ਸਕੇ।

Spread the love