ਅੰਤਰਰਾਸ਼ਟਰੀ ਯੂਥ ਦਿਵਸ ਨੂੰ ਸਪਰਪਿਤ ਕੀਤੀ ਸਾਈਕਲ ਰੈਲੀ
ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕਤਾ ਮੁਹਿੰਮ ਵਿੱਢੀ
ਤਿੰਨੋਂ ਜੱਜ ਸਾਹਿਬਾਨ ਨੇ ਸਾਈਕਲ ਤੇ ਕੀਤੀ ਸ਼ਮੂਲੀਅਤ
ਰੂਪਨਗਰ, 12 ਅਗਸਤ 2021
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ ਜੀ ਦੇ ਨਿਰਦੇਸ਼ਾਂ ਉਤੇ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ, ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਨੂੰ ਸਪਰਪਿੱਤ ਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਕੌਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਦੱਸਿਆ ਕਿ ਸਵੇਰੇ ਛੇ ਵਜੇ ਸ੍ਰੀ ਮਾਨਵ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਅਥਾਰਟੀ ਰੂਪਨਗਰ ਨੇ ਇਸ ਜਾਗਰੂਕਤਾ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਝੰਡੀ ਦੀ ਰਸਮ ਤੋਂ ਪਹਿਲਾਂ ਹਾਜ਼ਰ ਸਾਈਕਲਿਸਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨਵ ਨੇ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ, ਸੰਵਿਧਾਨ ਦੇ ਅਧੀਨ ਮਿਲਦੀਆਂ ਮੁਫਤ ਕਾਨੂੰਨੀ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਰੈਲੀ ਤੋਂ ਪਹਿਲਾਂ ਸਾਰੇ ਸਾਈਕਲਾਂ ਉਤੇ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ, ਨਸ਼ਿਆਂ ਦੀ ਬੁਰਾਈ, ਕੌਮਾਂਤਰੀ ਯੂਥ ਦਿਵਸ ਨੂੰ ਦਰਸਾਉਦੇਂ ਮਾਟੋ ਲਗਾਏ ਗਏ। ਇਹ ਰੈਲੀ ਮਿੰਨੀ ਸਕੱਤਰੇਤ ਰੂਪਨਗਰ ਤੋਂ ਸ਼ੁਰੂ ਹੋ ਕੇ ਕਾਲਜ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਰਾਮਰੀਲਾ ਮੈਦਾਨ, ਨਹਿਰੂ ਸਟੇਡੀਅਮ ਹੁੰਦੀ ਹੋਈ ਮੁੜ ਆਰੰਭਿਕ ਸਥਾਨ ਉਤੇ ਖਤਮ ਹੋਈ। ਸਮਾਪਨ ਸਮਾਰੋਹ ਮੌਕੇ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਨੌਜਵਾਨ ਮੈਂਬਰ ਭੰਗੜਾ ਕੋਚ ਮਨਪ੍ਰੀਤ ਜੈਂਟਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਬਰਾਂ ਵੱਲੋਂ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ। ਅੰਤ ਵਿਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੂਹ ਮੈਂਬਰਾਂ ਨੂੰ ਰੀਫਰੈਸ਼ਮੈਂਟ ਉਪਲੱਬਧ ਕਰਵਾਈ ਗਈ, ਇਸ ਲਈ ਮੈਡਮ ਮੋਨਿਕਾ ਚਾਵਲਾ ਦੇ N.G.O. ਦਾ ਵੀ ਧੰਨਵਾਦ ਕੀਤਾ। ਇਸ ਰੈਲੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਾਜ਼ਰ ਤਿੰਨੋਂ ਜੱਜ ਸਾਹਿਬਾਨ ਵੱਲੋਂ ਸਮੁੱਚੀ ਰੈਲੀ ਆਪ ਸਾਈਕਲ ਚਲਾ ਕੇ ਸੰਪੂਰਨ ਕੀਤੀ ਗਈ। ਇਸ ਮੌਕੇ ਜਿਲ੍ਹਾ ਟੈਨਿਸ ਐਸੋਸੀਏਸ਼ਨ ਦੇ ਮੈਂਬਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਰੈਲੀ ਵਿੱਚ ਸ਼ਾਮਲ ਨੌਜਵਾਨ, ਵਿਦਿਆਰਥੀ ਜੱਜ ਸਾਹਿਬਾਨ ਦੇ ਰੂਬਰੂ ਹੋ ਕੇ ਬਹੁਤ ਪ੍ਰਭਾਵਿਤ ਹੋਏ, ਤੇ ਉਹਨਾਂ ਆਪਣੇ ਜੀਵਨ ਵਿੱਚ ਸਫਲ ਹੋਣ ਦਾ ਅਹਿਦ ਕੀਤਾ। ਇਸ ਮੌਕੇ ਸ੍ਰੀ ਬਰਿੰਦਰ ਸਿੰਘ ਰੋਮਾਣਾ ਵਧੀਕ ਸ਼ੈਸਨ ਜੱਜ ਰੂਪਨਗਰ, ਸ੍ਰੀਮਤੀ ਡੇਜ਼ੀ ਬੰਗੜ ਪ੍ਰਿਸੀਪਲ ਮੈਜਿਸਟਰੇਟ ਜੁਵਨਾਈਲ ਇਨਸਾਫ ਬੋਰਡ ਅਤੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਰੂਪਨਗਰ, ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ, ਅਮਨਦੀਪ ਸਿੰਘ, ਦਮਨਵੀਰ ਸਿੰਘ ਸਤਿਆਲ, ਵਕੀਲ ਅਸ਼ਵਨੀ ਸ਼ਰਮਾ, ਪਰਵਿੰਦਰ ਸਿੰਘ ਸੈਣੀ, ਦਲਜੀਤ ਸਿੰਘ ਗਿੱਲ, ਰਾਜੇਸ਼ ਵਰਮਾ, ਰਾਜੂ ਬੇਲੇ ਵਾਲੇ,ਗੁਰਿੰਦਰ ਸਿੰਘ ਜੱਗੀ, ਪ੍ਰੀਤ ਧਾਰੀਵਾਲ, ਮਨਪ੍ਰੀਤ ਜੈਂਟਾ, ਆਦਿ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਸਾਈਕਲਿਸਟ ਸ਼ਾਮਿਲ ਸਨ।.