ਡੀਸੀ ਆਸ਼ਿਕਾ ਜੈਨ ਨੇ ਸਰਕਾਰੀ ਸਕੂਲਾਂ ਲਈ ਸਵਰਾਜ ਸ਼ਕਤੀ ਸਕਾਲਰਸ਼ਿਪ ਪ੍ਰੋਗਰਾਮ ਅਤੇ ਮੋਬਾਈਲ ਲਰਨਿੰਗ ਲੈਬ ਦੀ ਕੀਤੀ ਸ਼ੁਰੂਆਤ

Aashika Jain (2)
ਡੀਸੀ ਆਸ਼ਿਕਾ ਜੈਨ ਨੇ ਸਰਕਾਰੀ ਸਕੂਲਾਂ ਲਈ ਸਵਰਾਜ ਸ਼ਕਤੀ ਸਕਾਲਰਸ਼ਿਪ ਪ੍ਰੋਗਰਾਮ ਅਤੇ ਮੋਬਾਈਲ ਲਰਨਿੰਗ ਲੈਬ ਦੀ ਕੀਤੀ ਸ਼ੁਰੂਆਤ
ਸਿੱਖਿਆ ਉੱਤਮਤਾ ਦੁਆਰਾ ਭਵਿੱਖ ਨੂੰ ਆਕਾਰ ਦੇਣ ਲਈ ਸਵਰਾਜ ਟਰੈਕਟਰਜ਼ ਦੀ ਗਿਆਨਦੀਪ ਪਹਿਲਕਦਮੀ ਦੀ ਕੀਤੀ ਸ਼ਲਾਘਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ, 2024

ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਲਈ ਸਵਰਾਜ ਟਰੈਕਟਰਜ਼ ਦੀਆਂ ਸੀ.ਐਸ.ਆਰ. ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਹਰੀਸ਼ ਚਵਾਨ, ਸਵਰਾਜ ਡਿਵੀਜ਼ਨ ਦੇ ਸੀਈਓ ਅਤੇ ਅਰੁਣ ਰਾਘਵ, ਵੀਪੀ – ਐਚਆਰ, ਈਆਰ, ਐਡਮਿਨ, ਅਤੇ ਸੀ.ਐਸ.ਆਰ. ਦੀ ਮੌਜੂਦਗੀ ਵਿੱਚ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਤੋਂ ਸਰਕਾਰੀ ਸਕੂਲਾਂ ਲਈ ਸਵਰਾਜ ਸ਼ਕਤੀ ਸਕਾਲਰਸ਼ਿਪ ਪ੍ਰੋਗਰਾਮ ਅਤੇ ਮੋਬਾਈਲ ਲਰਨਿੰਗ ਲੈਬ ਦੀ ਸ਼ੁਰੂਆਤ ਕੀਤੀ ਗਈ।ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ‘ਗਿਆਨਦੀਪ ਪਹਿਲਕਦਮੀ’ ਨੂੰ ਜ਼ਮੀਨੀ ਪੱਧਰ ਦੀ ਸਿੱਖਿਆ ‘ਤੇ ਗੰਭੀਰ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਦੋ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼ਾਮਲ ਕੀਤੇ ਗਏ ਹਨ।

ਤਿੰਨ ਮੋਬਾਈਲ ਲਰਨਿੰਗ ਲੈਬਜ਼ (ਸਰਕਾਰੀ ਸਕੂਲਾਂ ਲਈ ਮੋਬਾਈਲ ਐਸ.ਟੀ.ਈ.ਐਮ. ਲਰਨਿੰਗ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਹਿਲਕਦਮੀ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ.) ਵਿੱਚ ਸਕੇਲੇਬਲ, ਹੈਂਡਸ-ਆਨ ਤਜਰਬਿਆਂ ਰਾਹੀਂ ਸਿੱਖਿਆ ਵਿੱਚ ਮੌਕਿਆਂ ਦੇ ਅੰਤਰ ਨੂੰ ਦੂਰ ਕਰੇਗੀ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਐਸ.ਏ.ਐਸ.ਨਗਰ ਵਿੱਚ 6ਵੀਂ – 10ਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਵਰ ਕਰੇਗਾ ਅਤੇ ਇਸ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਹੈਂਡ-ਆਨ ਸੈਸ਼ਨ, ਗਰਮੀਆਂ/ਸਰਦੀਆਂ ਦੇ ਕੈਂਪ, ਵਿਗਿਆਨ ਮੇਲੇ, ਅਤੇ ਨੌਜਵਾਨ ਇੰਸਟ੍ਰਕਟਰ ਸਿਖਲਾਈ ਸ਼ਾਮਲ ਹਨ। ਸਮੁੱਚਾ ਟੀਚਾ ਵਿਕਲਪਕ ਸਿੱਖਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣਾ, ਉਤਸੁਕਤਾ ਅਤੇ ਖੋਜੀ ਵਿਵਹਾਰ ਨੂੰ ਵਧਾਉਣਾ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਸੰਚਾਰ ਵਿੱਚ ਵਿਸ਼ਵਾਸ ਨੂੰ ਵਧਾਉਣਾ, ਅਤੇ ਵਿਗਿਆਨ ਦੀਆਂ ਧਾਰਨਾਵਾਂ ਵਿੱਚ ਦਿਲਚਸਪੀ ਅਤੇ ਸਮਝ ਨੂੰ ਵਧਾਉਣਾ ਹੈ।

ਉਨ੍ਹਾਂ ਦੂਜੀ ਪਹਿਲਕਦਮੀ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਸਵਰਾਜ ਸ਼ਕਤੀ ਸਕਾਲਰਸ਼ਿਪ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਉਪਰਾਲਾ ਸਿੱਖਿਆ ਨੂੰ ਅੱਗੇ ਵਧਾਉਣ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਯੋਗ ਹੋਣ ਲਈ, ਵਿਦਿਆਰਥੀਆਂ ਨੂੰ ਵਿੱਤੀ ਲੋੜ (ਪਰਿਵਾਰਕ ਆਮਦਨ ਆਈ.ਐਨ.ਆਰ 4 ਲੱਖ ਪ੍ਰਤੀ ਸਾਲ ਤੋਂ ਵੱਧ ਨਾ ਹੋਵੇ) ਦੇ ਨਾਲ, ਪਿਛਲੀ ਜਮਾਤ ਵਿੱਚ ਘੱਟੋ-ਘੱਟ 55 ਪ੍ਰਤੀਸ਼ਤ ਅੰਕਾਂ ਦੇ ਨਾਲ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਨਾ ਹੋਵੇਗਾ। ਚੁਣੇ ਗਏ ਵਿਦਿਆਰਥੀਆਂ ਨੂੰ ਅਕਾਦਮਿਕ ਉਦੇਸ਼ਾਂ ਜਿਵੇਂ ਕਿ ਟਿਊਸ਼ਨ ਫੀਸ, ਕਿਤਾਬਾਂ, ਸਟੇਸ਼ਨਰੀ, ਅਤੇ ਯਾਤਰਾ ਦੇ ਖਰਚਿਆਂ ਲਈ 7,000 ਰੁਪਏ ਦੀ ਨਿਸ਼ਚਿਤ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ। ਇਹ ਪ੍ਰੋਗਰਾਮ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਆ ਸਹਾਇਤਾ ਪ੍ਰਦਾਨ ਕਰੇਗਾ।

ਸ੍ਰੀ ਹਰੀਸ਼ ਚਵਾਨ, ਸੀ.ਈ.ਓ. ਸਵਰਾਜ ਡਿਵੀਜ਼ਨ, ਨੇ ਕਿਹਾ, “ਗਿਆਨਦੀਪ ਪਹਿਲਕਦਮੀ ਦੇ ਜ਼ਰੀਏ, ਸਵਰਾਜ ਟਰੈਕਟਰਸ ਆਮ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ, ਸੰਭਾਵਨਾਵਾਂ ਨੂੰ ਖੋਜਣ ਅਤੇ ਇੱਕ ਉੱਜਵਲ ਭਵਿੱਖ ਨੂੰ ਆਕਾਰ ਦੇਣ ਦੀ ਕੁੰਜੀ ਵਜੋਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।”

ਡਿਪਟੀ ਕਮਿਸ਼ਨਰ ਨੇ ਮਹਿੰਦਰਾ ਗਰੁੱਪ ਦੀ ਡਿਵੀਜ਼ਨ ਸਵਰਾਜ ਟਰੈਕਟਰਜ਼ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਜੇ ਵੀ ਸੀ.ਐਸ.ਆਰ. ਤਹਿਤ ਉਦਯੋਗਾਂ ਦੇ ਯੋਗਦਾਨ ਦੀ ਬਹੁਤ ਲੋੜ ਹੈ ਅਤੇ ਸਾਡੇ ਕੋਲ ਪਹਿਲਾਂ ਹੀ ਕਈ ਪ੍ਰੋਗਰਾਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੀ.ਐਸ.ਆਰ ਗਤੀਵਿਧੀਆਂ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਅਤੇ ਪ੍ਰਸਤਾਵ ਨਾਲ ਕੀਤੀਆਂ ਜਾਣ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੋਣਗੀਆਂ।

Spread the love