ਰੈਡ ਕਰਾਸ ਭਵਨ ਵਿਖੇ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਲੁਧਿਆਣਾ, 25 ਜੂਨ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡੀ ਸੇਵਾ ਹੈ ਜੋ ਇੱਕ ਵਿਅਕਤੀ ਨਿੱਜੀ ਤੌਰ ‘ਤੇ ਸਮਾਜ ਲਈ ਕਰ ਸਕਦਾ ਹੈ ਕਿਉਂਕਿ ਖੂਨਦਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਰਹਿਰਾਸ ਸੇਵਾ ਸੁਸਾਇਟੀ ਵੱਲੋਂ ਸਥਾਨਕ ਰੈਡ ਕਰਾਸ ਭਵਨ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਦੇ ਨੌਜਵਾਨਾਂ ਨੇ ਹਰ ਖੇਤਰ ਵਿੱਚ ਹਮੇਸ਼ਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਖ਼ੂਨਦਾਨ ਕੈਂਪਾਂ ਵਿੱਚ ਵੀ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ, ਜੋਕਿ ਮਨੁੱਖਤਾ ਦੀ ਸੱਚੀ ਸੇਵਾ ਹੈ.
ਉਨ੍ਹਾਂ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ, ਜੋ ਕਿ ਇੱਕ ਸਿਹਤਮੰਦ ਬਲੱਡ ਬੈਂਕ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ.
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਨੌਜਵਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਖੂਨਦਾਨ ਕਰਨ ਵਾਲਾ ਵਿਅਕਤੀ ਹੀਰੋ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਹਰ ਤਿੰਨ ਮਹੀਨਿਆਂ ਬਾਅਦ ਨਿਯਮਤ ਰੂਪ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੇ ਸਾਥੀਆਂ ਨੂੰ ਨਿਯਮਿਤ ਸਵੈਇੱਛੁਕ ਖੂਨ ਦਾਨੀ ਬਣਨ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਰੁਟੀਨ ਅਤੇ ਐਮਰਜੈਂਸੀ ਇਲਾਜ ਲਈ ਲੋੜੀਂਦੇ ਖੂਨ ਦੇ ਭੰਡਾਰ ਨੂੰ ਪੱਕਾ ਕੀਤਾ ਜਾ ਸਕੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਕ ਵਿਅਕਤੀ ਦੁਆਰਾ ਦਾਨ ਕੀਤੇ ਖੂਨ ਦੀ ਹਰ ਬੂੰਦ ਇਕ ਜਾਨ ਬਚਾ ਸਕਦੀ ਹੈ।
ਇਸ ਕੈਂਪ ਦੌਰਾਨ ਸ਼ਹਿਰ ਦੇ 25 ਦੇ ਕਰੀਬ ਨੌਜਵਾਨਾਂ ਨੇ ਖੂਨਦਾਨ ਕੀਤਾ।
ਇਸ ਮੌਕੇ ਰੈਡ ਕਰਾਸ ਦੇ ਸਕੱਤਰ ਬਲਬੀਰ ਚੰਦ ਐਰੀ, ਰਹਿਰਾਸ ਸੇਵਾ ਸੁਸਾਇਟੀ ਦੇ ਨੁਮਾਇੰਦੇ ਸੁਖਮਿੰਦਰ ਸਿੰਘ ਕੈਰੋਂ, ਹਰਦੀਪ ਪਾਲ, ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਾਧਵੀ ਸ਼ਰਮਾ ਅਤੇ ਪ੍ਰਤਿਭਾ ਸ਼ਰਮਾ, ਆਤਮ ਦੇਵਕੀ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਰਸ਼ਿਤ ਕਲੋਤਰਾ ਅਤੇ ਹੋਰ ਹਾਜ਼ਰ ਸਨ।