ਕੋਵਿਡ ਵਿਰੁੱਧ ਜਾਰੀ ਜੰਗ ‘ਚ ਹੋਰਨਾਂ ਟੀਮਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ
ਲੁਧਿਆਣਾ, 21 ਜੂਨ 2021 ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪਾਇਲ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਭੀਖੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਸਨੀਕਾਂ ਨੂੰ 100 ਪ੍ਰਤੀਸ਼ਤ ਟੀਕਾਕਰਣ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੀ ਟੀਮ ਨੂੰ ਸਨਮਾਨਿਤ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਸਿੰਘ ਬੈਂਸ, ਐਸ.ਡੀ.ਐਮਜ਼. ਡਾ. ਬਲਜਿੰਦਰ ਸਿੰਘ ਢਿੱੱਲੋਂ, ਸ. ਮਨਕੰਵਲ ਸਿੰਘ ਚਹਿਲ ਦੇ ਨਾਲ ਡਿਪਟੀ ਕਮਿਸ਼ਨਰ ਵੱਲੋਂ ਏ.ਐਨ.ਐਮ. ਕਿਰਨ ਰਾਣੀ, ਆਸ਼ਾ ਵਰਕਰ ਗਗਨਦੀਪ ਕੌਰ ਅਤੇ ਮਨਦੀਪ ਕੌਰ (ਹਰ ਇੱਕ) ਨੂੰ 1100 ਰੁਪਏ ਦਾ ਚੈੱਕ ਸੌਂਪਿਆ ਜਿਨ੍ਹਾਂ ਦੀ ਮਿਹਨਤ ਸਦਕਾ ਕੋਵਿਡ ਟੀਕਾਕਰਣ ਮੁਹਿੰਮ ਤਹਿਤ 18 ਸਾਲ ਤੋਂ ਵੱਧ ਵਿਅਕਤੀਆਂ ਦੀ 100 ਫੀਸਦ ਕਵਰੇਜ ਨਾਲ ਭੀਖੀ ਪਿੰਡ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਕਮਿਊਨਿਟੀ ਹੈਲਥ ਅਫ਼ਸਰ ਜਸਵਿੰਦਰ ਕੌਰ ਨੂੰ ਸਮਾਜ ਪ੍ਰਤੀ ਮਿਸਾਲੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿਚ ਇਨ੍ਹਾਂ ਵੱਲੋਂ ਅਸਲ ਨਾਇਕਾਂ ਦੀ ਭੂਮਿਕਾ ਨਿਭਾਈ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਸਖਤ ਮਿਹਨਤ ਕਰਨ ਵਾਲੇ ਫਰੰਟਲਾਈਨ ਯੋਧਿਆਂ ਨੂੰ ਟੀਕਾਕਰਨ ਮੁਹਿੰਮ ਵਿੱਚ ਲਾਭਪਾਤਰੀਆਂ ਦੀ ਤੇਜ਼ੀ ਨਾਲ ਕਵਰੇਜ਼ ਨੂੰ ਯਕੀਨੀ ਬਣਾਉਣ ਲਈ ਸਨਮਾਨਿਤ ਕਰਦਾ ਰਹੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ 100 ਫੀਸਦ ਟੀਕਾਕਰਨ ਨਾਲ ਮਹਾਂਮਾਰੀ ਵਿਰੁੱਧ ਯੁੱਧ ਵਿੱਚ ਮਿਸਾਲੀ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਸਦਕਾ ਕੀਮਤੀ ਜਾਨਾਂ ਬਚ ਸਕਦੀਆਂ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਣ ਹੈ ਕਿਉਂਕਿ ਦੁਸ਼ਮਣ ਅਦਿੱਖ ਹੁੰਦਾ ਹੈ ਅਤੇ ਹਰੇਕ ਯੋਗ ਲਾਭਪਾਤਰੀ ਨੂੰ ਜੀਵਨਦਾਨ ਦੇਣ ਵਾਲੀ ਵੈਕਸੀਨ ਦਿੰਦਿਆਂ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਬੇਮਿਸਾਲ ਭਾਵਨਾ ਅਤੇ ਦ੍ਰਿੜਤਾ ਦੂਜਿਆਂ ਲਈ ਇੱਕ ਮਿਸਾਲ ਹੈ ਅਤੇ ਹੁਣ ਹਰ ਟੀਮ ਨੂੰ ਆਪਣੇ ਖੇਤਰਾਂ ਦੀ ਆਬਾਦੀ ਵਿੱਚ 100 ਫੀਸਦ ਟੀਕਾਕਰਨ ਲਈ ਸਮੂਹਕ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸੱਕਤਰ ਸ. ਬਲਬੀਰ ਸਿੰਘ ਐਰੀ ਅਤੇ ਹੋਰ ਵੀ ਹਾਜ਼ਰ ਸਨ।