ਲੁਧਿਆਣਾ ‘ਚ ਉਪਲੱਬਧ ਕੋਵਿਡ ਦਵਾਈਆਂ, ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਮਰੀਜ਼ਾਂ ਲਈ ਇੱਕ ਸਾਂਝਾ ਸਰੋਤ ਪੂਲ ਹਨ ,ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, 19 ਮਈ ,2021 ਕੁਝ ਹਸਪਤਾਲਾਂ ਵੱਲੋਂ ਕੋਵਿਡ ਦੇ ਮਰੀਜ਼ਾਂ ਲਈ ਟੋਸਿਲੀਜ਼ੁਮਬ ਦਵਾਈ ਦੀ ਵਾਰ-ਵਾਰ ਤਜ਼ਵੀਜ ਕਰਨ ‘ਤੇ, ਜਿਸਦਾ ਕਿ ਸਟਾਕ ਵੀ ਸੀਮਤ ਹੈ, ਉਸ ‘ਤੇ ਅੱਜ ਡਿਪਟੀ ਕਮਿਸ਼ਨਰ ਵੱਲੋਂ ਫੈਸਲਾ ਲੈਣ ਲਈ ਮਾਹਿਰ ਡਾਕਟਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਏਗੀ।
ਕਮੇਟੀ ਵਿੱਚ ਮੈਡੀਕਲ ਨੋਡਲ ਅਫ਼ਸਰ ਕੋਵਿਡ ਲੁਧਿਆਣਾ ਡਾ. ਹਤਿੰਦਰ ਕੌਰ ਕਲੇਰ, ਡੀ.ਐਮ.ਸੀ.ਐਚ. ਲੁਧਿਆਣਾ ਤੋਂ ਡਾ ਰਾਜੇਸ਼ ਮਹਾਜਨ, ਐਸ.ਪੀ.ਐਸ. ਹਸਪਤਾਲ ਤੋਂ ਡਾ ਰਾਜੀਵ ਕੁੰਦਰਾ, ਸੀ.ਐਮ.ਸੀ. ਹਸਪਤਾਲ ਤੋਂ ਡਾ. ਅਨਿਲ ਲੂਥਰ, ਫੋਰਟਿਸ ਹਸਪਤਾਲ ਤੋਂ ਡਾ.ਸ਼ੈਲੀ ਅਤੇ ਜ਼ੈਡ.ਐਲ.ਏ. ਕੁਲਵਿੰਦਰ ਸਿੰਘ ਹੋਣਗੇ ਜੋਕਿ ਮਰੀਜ਼ ਜਾਂ ਉਸਦੇ ਸਹਾਇਕ ਵੱਲੋੋਂ ਦਵਾਈ ਦੀ ਤੁਰੰਤ ਲੋੜ ਲਈ ਰਾਬਤਾ ਕਰਨ ‘ਤੇ ਦੱਸਣਗੇ ਕਿ ਇਹ ਦਵਾਈ ਕਿਹੜੇ ਸਟਾਕਿਸਟ/ਹਸਪਤਾਲ/ਕੈਮਿਸਟ ਦੁਆਰਾ ਮੁਹੱਈਆ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਐਂਟੀਫੰਗਲ ਜਾਂ ਹੋਰ }ਰੂਰੀ ਕੋਵਿਡ ਦਵਾਈਆਂ ਦੀ ਘਾਟ ਹੈ ਜਿਸ ਕਾਰਨ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਦਵਾਈਆਂ ਨੂੰ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਕੁਝ ਵੱਡੇ ਹਸਪਤਾਲਾਂ ਅਤੇ ਸਟਾਕਿਸਟਾਂ/ਕੈਮਿਸਟਾਂ ਕੋਲ ਜ਼ਰੂਰੀ ਦਵਾਈਆਂ ਦਾ ਭੰਡਾਰ ਉਪਲੱਬਧ ਹੈ ਪਰ ਇਹ ਸੰਸਥਾਵਾਂ ਇਹ ਦਵਾਈਆਂ ਸਿਰਫ ਉਨ੍ਹਾਂ ਦੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਹੀ ਮੁਹੱਈਆ ਕਰਵਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਔਖੀ ਘੜੀ ਵਿੱਚ, ਜਿਸ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਲੋੜੀਂਦੀਆਂ ਦਵਾਈਆਂ ਹੀ ਦੇਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਡਾਕਟਰੀ ਸਥਿਤੀ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮੇਟੀ ਮੈਰਿਟ ਦੇ ਆਧਾਰ ‘ਤੇ ਮੈਡੀਕਲ ਜ਼ਰੂਰਤਾਂ ਬਾਰੇ ਫ਼ੈਸਲਾ ਕਰੇਗੀ ਕਿ ਕਿਹੜੇ ਮਰੀਜ਼ ਨੂੰ ਕਿਹੜੀ ਜ਼ਰੂਰੀ ਦਵਾਈ ਚਾਹੀਦੀ ਹੈ ਅਤੇ ਇਹ ਕਿਥੋਂ ਮਿਲੇਗੀ।
ਤਜਵੀਜ਼ ਕਰਨ ਵਾਲੇ ਡਾਕਟਰ ਨੂੰ ਜਦੋਂ ਵੀ ਕਮੇਟੀ ਵੱਲੋ ਤਲਬ ਕੀਤਾ ਜਾਵੇਗਾ ਤਾਂ ਉਸ ਡਾਕਟਰ ਨੂੰ ਮਰੀਜ਼ ਦੇ ਰਿਕਾਰਡ ਸਮੇਤ ਸਪੱਸ਼ਟੀਕਰਣ ਦੇਣਾ ਹੋਵੇਗੀ ਕਿ ਉਸਨੂੰ ਕਿਹੜੀ ਦਵਾਈ ਦੀ ਲੋੜ ਹੈ। ਜੈਡ.ਐਲ.ਏ. ਇਹਨਾਂ ਦਵਾਈਆਂ ਬਾਰੇ ਸਾਰੇ ਹਸਪਤਾਲਾਂ/ਸਟਾਕਿਸਟਾਂ/ਕੈਮਿਸਟਾਂ ਦੇ ਨਾਲ ਸਟਾਕ ਸਥਿਤੀ ਦੀ ਮੌਜੂਦਗੀ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਲੁਧਿਆਣਾ ਵਿੱਚ ਉਪਲੱਬਧ ਸਾਰੀਆਂ ਕੋਵਿਡ ਦਵਾਈਆਂ ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹੋਏ ਸਾਰੇ ਕੋਵਿਡ ਮਰੀਜ਼ਾਂ ਲਈ ਇੱਕ ਸਾਂਝਾ ਸਰੋਤ ਪੂਲ ਹਨ। ਇੱਕ ਵਾਰ ਕਮੇਟੀ ਦੁਆਰਾ ਕਿਸੇ ਖਾਸ ਮਰੀਜ਼ ਨੂੰ ਕੋਈ ਜ਼ਰੂਰੀ ਦਵਾਈ ਨਿਰਧਾਰਤ ਕਰ ਦਿੱਤੀ ਜਾਂਦੀ ਹੈ ਤਾਂ ਸਟੋਕਿੰਗ ਹਸਪਤਾਲ/ ਸਟਾਕਿਸਟ/ਕੈਮਿਸਟ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਅਤੇ ਮਹਾਂਮਾਰੀ ਰੋਗ ਐਕਟ 1897 ਅਧੀਨ ਕਿਸੇ ਖਾਸ ਮਰੀਜ਼ ਨੂੰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਹਸਪਤਾਲ/ਸਟਾਕਿਸਟ/ਕੈੈਮਿਸਟ ਦੁਆਰਾ ਕੀਤੀ ਗਈ ਉਲੰਘਣਾ ਵਿਰੁੱਧ ਕੌਮੀ ਆਫ਼ਤ ਪ੍ਰਬੰਧਨ ਐਕਟ, 2005 ਅਤੇ ਮਹਾਂਮਾਰੀ ਰੋਗ ਐਕਟ 1897 ਤਹਿਤ ਸਖਤੀ ਨਾਲ ਨਜਿੱਠਿਆ ਜਾਵੇਗਾ।