ਡਿਪਟੀ ਕਮਿਸ਼ਨਰ ਵਲੋਂ ਆਗਾਮੀ ‘ਆਮ ਆਦਮੀ ਕਲੀਨਿਕਾਂ’ ਦੀ ਪ੍ਰਗਤੀ ਦਾ ਜਾਇਜ਼ਾ

– 27 ਜਨਵਰੀ ਨੂੰ 37 ਆਮ ਆਦਮੀ ਕਲੀਨਿਕ ਲੁਧਿਆਣਵੀਆਂ ਨੂੰ ਕੀਤੇ ਜਾਣਗੇ ਸਮਰਪਿਤ – ਸੁਰਭੀ ਮਲਿਕ

ਲੁਧਿਆਣਾ, 21 ਜਨਵਰੀ (000) – ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਆਗਾਮੀ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੇ ਨਾਲ ਸ੍ਰੀਮਤੀ ਮਲਿਕ ਨੇ ਲਾਡੋਵਾਲ, ਹੰਬੜਾਂ, ਮੁੱਲਾਂਪੁਰ, ਭਨੋਹੜ, ਮਨਸੂਰਾਂ, ਦਸਮੇਸ਼ ਨਗਰ, ਸ਼ਿਮਲਾਪੁਰੀ ਅਤੇ ਮਾਡਲ ਟਾਊਨ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਨਵੇਂ ਆਮ ਆਦਮੀ ਕਲੀਨਿਕ ਬਣ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਲੀਨਿਕਾਂ ਵਿੱਚ ਕੰਮ ਦੇ ਮਿਆਰ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਵੱਖ-ਵੱਖ ਕਮਰਿਆਂ ਦਾ ਦੌਰਾ ਕੀਤਾ ਜਿੱਥੇ ਲੋੜੀਂਦੇ ਮੈਡੀਕਲ ਉਪਕਰਨਾਂ, ਦਵਾਈਆਂ ਦੀ ਉਪਲੱਬਧਤਾ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 27 ਜਨਵਰੀ ਨੂੰ 37 ਆਮ ਆਦਮੀ ਕਲੀਨਿਕ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ।

ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਸ੍ਰੀਮਤੀ ਮਲਿਕ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਸਹਿਬਾਨ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਲੀਨਿਕਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਪੂਰਤੀ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਘਰ-ਘਰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਨਵੇਂ ਕਲੀਨਿਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਵਿੱਚ ਸਹਾਈ ਸਿੱਧ ਹੋਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿੱਚ 9 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਇਹ ਹਸਪਤਾਲਾਂ ‘ਤੇ ਬੋਝ ਘਟਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

 

ਹੋਰ ਪੜ੍ਹੋ :-  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੋਲੀਸਟਰ ਸਪਨ ਯਾਰਨ ਇੰਡਸਟਰੀ ਨੂੰ ਬਚਾਉਣ ਦੀ ਕੀਤੀ ਅਪੀਲ