ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ “ ਸਾਉਣ ਦੇ ਨਰਾਤਿਆਂ” ਦੌਰਾਨ ਹਿਮਾਚਲ ਪਰਦੇਸ਼ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਐਡਵਾਇਜਰੀ ਜਾਰੀ

ਹਿਮਾਚਲ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਯਾਤਰੀਆਂ ਕੋਲ ਕੋਵਿਡ -19 ਦੀਆਂ ਦੋਵੇਂ ਖੁਰਾਕਾਂ ਦਾ ਟੀਕਾਕਰਣ ਸਰਟੀਫਿਕੇਟ ਜਾਂ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ
ਰੂਪਨਗਰ, 7 ਅਗਸਤ 2021
ਹਿਮਾਚਲ ਪ੍ਰਦੇਸ਼ ਰਾਜ ਆਫਤ ਪ੍ਰਬੰਧਨ ਅਥਾਰਟੀ (ਐਚ.ਪੀ.ਐਸ.ਡੀ.ਐਮ.ਏ.) ਨੇ 9 ਤੋਂ 17 ਅਗਸਤ,2021 ਤੱਕ ਸ਼ਰੂ ਹੋਣ ਵਾਲੇ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਕੋਵਿਡ -19 ਦੀ ਤੀਜੀ ਸੰਭਾਵੀ ਲਹਿਰ ਬਾਰੇ ਚਿੰਤਾ ਪ੍ਰਗਟਾਉਂਦਿਆਂ ਸ਼ਰਧਾਲੂਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੁਝ ਪਾਬੰਦੀਆਂ ਲਗਾਈਆਂ ਹਨ।
ਰੂਪਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਜਿਲਾ ਹਿਮਾਚਲ ਪ੍ਰਦੇਸ਼ ਨਾਲ ਲਗਦਾ ਮੁੱਖ ਸਰਹੱਦੀ ਜਿਲਾ ਹੈ ਅਤੇ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਹਜਾਰਾਂ ਸ਼ਰਧਾਲੂ ਹਿਮਾਚਲ ਦੇ ਵੱਖ -ਵੱਖ ਮੰਦਰਾਂ/ਧਾਰਮਿਕ ਅਸਥਾਨਾਂ ’ਤੇ ਆਉਣ ਜਾਂ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ। ਇਸ ਲਈ ਜਿਲਾ ਪ੍ਰਸ਼ਾਸਨ ਰੂਪਨਗਰ ਨੇ ਰਾਜ ਦੇ ਉਨਾਂ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਜੋ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਹਿਮਾਚਲ ਪ੍ਰਦੇਸ਼ ਜਾਣਾ ਚਾਹੁੰਦੇ ਹਨ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ‘‘ਸਾਉਣ ਦੇ ਨਰਾਤਿਆਂ’’ ਦੌਰਾਨ ਸਰਧਾਲੂਆਂ/ਲੋਕਾਂ ਲਈ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਕਤ ਸਮੇਂ ਦੌਰਾਨ ਵੱਖ -ਵੱਖ ਮੰਦਰ/ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵਿਅਕਤੀਆਂ ਨੂੰ ਰਾਜ/ਜਿਲਾ ਸਰਹੱਦਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਤਾਂ ਹੀ ਹੋਵੇਗੀ ਜੇਕਰ ਉਨਾਂ ਕੋਲ ਕੋਵਿਡ -19 ਟੀਕਾਕਰਣ ਸਰਟੀਫਿਕੇਟ (ਦੋਵੇਂ ਖੁਰਾਕਾਂ) ਜਾਂ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ( ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ) ਅਤੇ ਅਧਿਕਾਰਤ ਲੈਬਾਂ ਵਲੋਂ ਜਾਰੀ ਕੀਤੀ ਹੋਵੇ।
ਇਸ ਤੋਂ ਇਲਾਵਾ ਇਸ ਸਮੇਂ ਦੌਰਾਨ “ਨੋ ਮਾਸਕ-ਨੋ ਦਰਸ਼ਨ’’ ਨੀਤੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਜਾਗਰੂਕਤਾ, ਸਿੱਖਿਆ ਅਤੇ ਕਾਨੂੰਨੀ ਢੰਗਾਂ ਰਾਹੀਂ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇਗੀ । ਧਾਰਮਿਕ ਸਥਾਨਾਂ/ਮੰਦਰਾਂ ਦੇ ਪ੍ਰਵੇਸ਼ ਦੁਆਰ ‘ਤੇ ਥਰਮਲ ਸਕ੍ਰੀਨਿੰਗ ਅਤੇ ਸੈਨੀਟਾਈਜ਼ੇਸ਼ਨ/ਹੱਥ ਧੋਣ ਦੀ ਸਹੂਲਤ ਹੋਵੇਗੀ।

Spread the love