ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪਿਆਰ ਤੇ ਹੌਸਲਾ ਅਫ਼ਜ਼ਾਈ ਦੀ ਲੋੜ-ਵਿਸ਼ੇਸ਼ ਸਾਰੰਗਲ

ਸਪੈਸ਼ਲ ਬੱਚਿਆਂ ਵੱਲੋਂ ਦੀਵਾਲੀ ਸਬੰਧੀ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਦਾ ਕੀਤਾ ਸ਼ੁੱਭ ਆਰੰਭ
ਬੱਚਿਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਢੇਰ ਸਾਰੀਆਂ ਮੁਬਾਰਕਾਂ ਅਤੇ ਸਾਮਾਨ ਦੀ ਕੀਤੀ ਖ਼ਰੀਦਦਾਰੀ
ਨਵਾਂਸ਼ਹਿਰ, 2 ਨਵੰਬਰ : 
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਸਪੈਸ਼ਲ ਚਿਲਡਰਨ) ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਪਿਆਰ ਅਤੇ ਹੌਸਲਾ ਅਫ਼ਜ਼ਾਈ ਦੀ ਲੋੜ ਹੈ। ਆਪਣੀ ਧਰਮ ਪਤਨੀ ਡਾ. ਪ੍ਰੀਤ ਕੰਵਲ ਨਾਲ ਅੱਜ ਐਸ. ਡੀ. ਐਮ ਦਫ਼ਤਰ ਨਵਾਂਸ਼ਹਿਰ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੀਵਾਲੀ ਸਬੰਧੀ ਤਿਆਰ ਕੀਤੀਆਂ ਵੱਖ-ਵੱਖ ਵਸਤਾਂ ਦੀ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨਾਂ ਦੀ ਬਿਹਤਰੀ ਲਈ ਉਪਰਾਲੇ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਬੱਚਿਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ, ਜਿਵੇਂ ਦੀਵੇ, ਜੈੱਲ ਮੋਮਬੱਤੀਆਂ, ਪੈੱਨ ਅਤੇ ਹੋਰ ਸਜਾਵਟੀ ਸਾਮਾਨ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਪ੍ਰਤਿਭਾਸ਼ਾਲੀ ਹਨ। ਉਨਾਂ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਵੀ ਅਜਿਹੇ ਹੁਨਰਮੰਦ ਬੱਚਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਡਾ. ਪ੍ਰੀਤ ਕੰਵਲ ਵੱਲੋਂ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਖ਼ਰੀਦਦਾਰੀ ਵੀ ਕੀਤੀ ਅਤੇ ਉਨਾਂ ਦੀਆਂ ਦੀਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਿਆਂ ਉਨਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਕਾਰਜਕਾਰੀ ਜ਼ਿਲਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਸਤਾਂ ‘ਇਨਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ ਚਿਲਡਰਨ’ ਤਹਿਤ ਵੱਖ-ਵੱਖ ਸੈਂਟਰਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਵੇਲੇ ਜ਼ਿਲੇ ਵਿਚ ਨੌਰਾ ਡਾਇਟ ਤੋਂ ਇਲਾਵਾ 22 ਹੋਰ ਸੈਂਟਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਬੱਚਿਆਂ ਵੱਲੋਂ ਹਰੇਕ ਸਾਲ ਵੋਕੇਸ਼ਨਲ ਪ੍ਰਾਜੈਕਟ ਤਹਿਤ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ, ਜਿਨਾਂ ਦਾ 25 ਫੀਸਦੀ ਪ੍ਰੌਫਿਟ ਇਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ।
ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਆਈ. ਈ. ਡੀ. ਸੀ ਦੀ ਜ਼ਿਲਾ ਕੋਆਰਡੀਨੇਟਰ ਨਰਿੰਦਰ ਕੌਰ, ਜ਼ਿਲਾ ਸਿੱਖਿਆ ਸੁਧਾਰ ਕਮੇਟੀ ਦੇ ਮੈਂਬਰ ਪ੍ਰਮੋਦ ਭਾਰਤੀ, ਵਿਨੇ ਸ਼ਰਮਾ ਅਤੇ ਨਿਰਮਲ ਸਿੰਘ, ਿਸ਼ਨਾ, ਸਰਬਜੀਤ, ਮਨਜਿੰਦਰ ਕੌਰ, ਸੁਖਦੇਵ ਸਿੰਘ, ਪਰਦੀਪ ਕੌਰ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਮਲਜੀਤ ਕੌਰ, ਗੁਰਸ਼ਰਨ ਕੌਰ, ਹਰਸ਼, ਪੂਜਾ, ਜਸਕਰਨ, ਜਸ਼ਨ ਤੇ ਹੋਰ ਹਾਜ਼ਰ ਸਨ।
ਕੈਪਸ਼ਨ :
-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੀਵਾਲੀ ਸਬੰਧੀ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਡਾ. ਪ੍ਰੀਤ ਕੰਵਲ।
Spread the love