ਡਿਪਟੀ ਕਮਿਸ਼ਨਰ ਵੱਲੋਂ ਕ੍ਰਿਕਟ ਦਾ ਸਾਮਾਨ ਬਣਾਉਣ ਵਾਲੇ ਪ੍ਰਮੁੱਖ ਉਦਯੋਗ ਦਾ ਦੌਰਾ, ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ

THORI
ਡਿਪਟੀ ਕਮਿਸ਼ਨਰ ਵੱਲੋਂ ਕ੍ਰਿਕਟ ਦਾ ਸਾਮਾਨ ਬਣਾਉਣ ਵਾਲੇ ਪ੍ਰਮੁੱਖ ਉਦਯੋਗ ਦਾ ਦੌਰਾ, ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਜਲੰਧਰ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਸਥਾਨਕ ਉਦਯੋਗਪਤੀਆਂ ਦੀ ਕੀਤੀ ਸ਼ਲਾਘਾ
ਜਲੰਧਰ ਵਿੱਚ ‘ਘਰ-ਘਰ ਰੋਜ਼ਗਾਰ ਪ੍ਰੋਗਰਾਮ’ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਮੰਗਿਆ ਸਹਿਯੋਗ

ਜਲੰਧਰ, 2 ਨਵੰਬਰ 2021

ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਥਾਨਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਮੰਗਲਵਾਰ ਨੂੰ ਸੂਰਾਨੁੱਸੀ ਸਥਿਤ ਖੇਡਾਂ ਦਾ ਸਮਾਨ ਬਣਾਉਣ ਵਾਲੇ ਉੱਘੇ ਉਦਯੋਗ ਐਫ.ਸੀ.ਸੋਂਧੀ ਅਤੇ ਕੰਪਨੀ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਉਨ੍ਹਾਂ ਦੀਆਂ ਕਿਰਤ ਸ਼ਕਤੀ ਸਬੰਧੀ ਜ਼ਰੂਰਤਾਂ ਬਾਰੇ ਫੀਡਬੈਕ ਹਾਸਲ ਕੀਤਾ ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਪਾਵਰਕੌਮ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਹਰੀ ਝੰਡੀ

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਅਨੁਰਾਗ ਸੋਂਧੀ ਅਤੇ ਸੀਨੀਅਰ ਜਨਰਲ ਮੈਨੇਜਰ ਸੁਰੇਸ਼ ਡੀ. ਰਿਸ਼ੀ ਵੱਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ, ਜਿਸ ਉਪਰੰਤ ਘਰ-ਘਰ ਰੋਜ਼ਗਾਰ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਪੰਜਾਬ ਸਰਕਾਰ ਦੇ ਰੋਜ਼ਗਾਰ ਪ੍ਰੋਗਰਾਮ ਨੂੰ ਇੱਕ ਨਿਵੇਕਲੀ ਪਹਿਲ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਸਨਅਤ ਨੂੰ ਸਰਗਰਮ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਉਦਯੋਗਪਤੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਅਤੇ ਸਿੱਖਿਅਤ ਕਿਰਤ ਸ਼ਕਤੀ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਸੁਝਾਅ ਵੀ ਮੰਗੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਿਰਮਾਣ ਯੂਨਿਟ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਮਾਲਕਾਂ ਵੱਲੋਂ ਉਨ੍ਹਾਂ ਨੂੰ ਉਤਪਾਦਨ ਦੇ ਕਈ ਪੜਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਐਮਡੀ ਵੱਲੋਂ ਕ੍ਰਿਕਟ ਦੇ ਸਮਾਨ ਦੇ ਨਿਰਮਾਣ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਲਈ ਐਫਸੀ ਸੋਂਧੀ ਨੂੰ ਹੋਰ ਉਤਪਾਦਨ ਕਾਰਜਾਂ ਤੋਂ ਇਲਾਵਾ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਨਿਰਮਾਣ ਪ੍ਰਕਿਰਿਆਵਾਂ ਖਾਸ ਤੌਰ ‘ਤੇ ਇੰਗਲਿਸ਼ ਵਿਲੋ ਬੈਟ ਨਿਰਮਾਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਗਈ।

ਸ਼੍ਰੀ ਥੋਰੀ ਨੇ ਐਮਡੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਲੋੜੀਂਦੇ ਹੁਨਰਮੰਦ ਕਾਮਿਆਂ ਬਾਰੇ ਡਾਟਾ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਪ੍ਰਸ਼ਾਸਨ ਉਸ ਅਨੁਸਾਰ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਉਦਯੋਗਪਤੀਆਂ ਦੇ ਸਾਂਝੇ ਯਤਨਾਂ ਨਾਲ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਸੂਬੇ ਵਿੱਚੋਂ ਬੇਰੋਜ਼ਗਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਥਾਨਕ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਆਪਣੇ ਹੁਨਰ ਸਿਖਲਾਈ ਪ੍ਰੋਗਰਾਮ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰਕ ਅਦਾਰਿਆਂ ਨੂੰ ਕੁਆਲਟੀ ਵਰਕਫੋਰਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਸਬੰਧਿਤ ਉਦਯੋਗਾਂ ਤੋਂ ਫੀਡਬੈਕ ਬਹੁਤ ਮਹੱਤਵ ਰੱਖਦਾ ਹੈ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਸਤੂਆਂ ਦੇ ਉਤਪਾਦਨ ਵਿੱਚ ਜ਼ਿਲ੍ਹੇ ਨੂੰ ਦੇਸ਼ ਵਿੱਚ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਉਦਯੋਗਪਤੀਆਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਜਲੰਧਰ ਨੂੰ ਖੇਡਾਂ ਦੇ ਸਮਾਨ, ਚਮੜੇ ਦੇ ਸਮਾਨ, ਹੈਂਡ ਟੂਲਜ਼, ਪਾਈਪ ਫਿਟਿੰਗ ਆਦਿ ਲਈ ਜਾਣਿਆ ਜਾਂਦਾ ਹੈ।

 

ਕੰਪਨੀ ਬਾਰੇ ਜਾਣਕਾਰੀ ਦਿੰਦਿਆਂ ਰਾਜੀਵ ਅਨੁਰਾਗ ਸੋਂਧੀ ਨੇ ਕਿਹਾ ਕਿ ਕੰਪਨੀ ਦੀ ਸਥਾਪਨਾ ਇਸ ਦੇ ਸੰਸਥਾਪਕ ਐਫ.ਸੀ. ਸੋਂਧੀ ਵੱਲੋਂ 1961 ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ ਇਹ ਕੰਪਨੀ ਸਭ ਪ੍ਰਕਾਰ ਦੇ ਕ੍ਰਿਕਟ ਦੇ ਸਾਮਾਨ ਜਿਵੇਂ ਕ੍ਰਿਕਟ ਬੈਟਸ, ਲੈੱਗ ਗਾਰਡਸ, ਬੈਟਿੰਗ ਗਲਵਜ਼, ਕ੍ਰਿਕਟ ਬਾਲਾਂ, ਆਰਮ ਗਾਰਡਸ ਅਤੇ ਹੋਰ ਖੇਡਾਂ ਦੇ ਸਮਾਨ ਦੀ ਇੱਕ ਪ੍ਰਮੁੱਖ ਨਿਰਮਾਤਾ ਅਤੇ ਨਿਰਯਾਤਕ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯੂਨਿਟ 12 ਏਕੜ ਰਕਬੇ ਵਿੱਚ ਸਥਾਪਤ ਕੀਤਾ ਗਿਆ ਹੈ ਅਤੇ ਇਸ ਦੇ ਹਰੇ ਭਰੇ ਬਗੀਚਿਆਂ ਕਾਰਨ ਇਸ ਨੂੰ ਗਾਰਡਨ ਫੈਕਟਰੀ ਵੀ ਕਿਹਾ ਜਾਂਦਾ ਹੈ। ਐਮਡੀ ਨੇ ਕਿਹਾ ਕਿ ਕੰਪਨੀ ਵੱਲੋਂ ਗੁਣਵੱਤਾ ਭਰਪੂਰ ਉਤਪਾਦਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ, ਜੋ ਕਿ ਇਸਦਾ ਮੋਟੋ ਵੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਕੰਪਨੀ ਕੋਲ ਏਸ਼ੀਆ ਵਿੱਚ ਸਭ ਤੋਂ ਵੱਧ ਮਸ਼ੀਨੀਕ੍ਰਿਤ ਇੰਗਲਿਸ਼ ਵਿਲੋ ਕ੍ਰਿਕਟ ਬੈਟ ਨਿਰਮਾਣ ਦੀ ਸੁਵਿਧਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕੰਪਨੀ ਵੱਲੋਂ ਆਪਣੀਆਂ ਯੂਨਿਟਾਂ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇਣ ਅਤੇ ਰੋਜ਼ਗਾਰ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣੂੰ ਕਰਵਾਇਆ।

Spread the love