ਮੋਹਾਲੀ, 3 ਅਕਤੂਬਰ 2021
ਖਰੀਦ ਕਾਰਜ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਈਸ਼ਾ ਕਾਲੀਆ ਨੇ ਅੱਜ ਨਿਊ ਅਨਾਜ ਮੰਡੀ ਕੁਰਾਲੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸ੍ਰੀਮਤੀ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਸਹੂਲਤ ਲਈ ਚਾਲੂ ਸੀਜ਼ਨ ਵਿੱਚ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੱਲ ਰਹੇ ਮੰਡੀਕਰਨ ਸੀਜ਼ਨ ਦੌਰਾਨ ਝੋਨੇ ਦੇ ਇਕ-ਇਕ ਦਾਣੇ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਹਨ ਕਿ ਅਨਾਜ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਨੂੰ ਤੁਰੰਤ ਚੁੱਕਿਆ ਜਾਵੇ ਅਤੇ ਕਿਸਾਨ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸਾਰੇ ਉਪ ਮੰਡਲ ਮੈਜਿਸਟਰੇਟਾਂ (ਐਸਡੀਐਮਜ਼) ਅਤੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਨਿੱਜੀ ਤੌਰ ‘ਤੇ ਖਰੀਦ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਪਜ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਨੂੰ ਅਨਾਜ ਮੰਡੀਆਂ ਵਿੱਚ ਆਪਣੀ ਉਪਜ ਦੀ ਅਦਾਇਗੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਮੀ ਰਹਿਤ ਅਨਾਜ ਮੰਡੀ ਵਿੱਚ ਲਿਆਉਣ ਅਤੇ ਪਰਾਲੀ ਨੂੰ ਸਾੜਨ ਤੋਂ ਬਚਣ ਜਿਸ ਨਾਲ ਵਾਤਾਵਰਣ ਨੂੰ ਵੱਡਾ ਖਤਰਾ ਪੈਦਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਦੇ ਦੌਰੇ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਭਜਨ ਕੌਰ, ਚੇਅਰਮੈਨ ਮਾਰਕੀਟ ਕਮੇਟੀ ਕਿਰਪਾਲ ਸਿੰਘ ਖਿਜ਼ਰਾਬਾਦ ਅਤੇ ਸਕੱਤਰ ਮਾਰਕੀਟ ਕਮੇਟੀ ਸਵਰਨ ਸਿੰਘ ਹਾਜ਼ਰ ਸਨ।