ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ’ਤੇ ਅਮਲ ਕਰਨਾ ਬਹੁਤ ਜ਼ਰੂਰੀ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ

INDERMOHAN
ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ’ਤੇ ਅਮਲ ਕਰਨਾ ਬਹੁਤ ਜ਼ਰੂਰੀ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ
– ਕੌਮੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ 100 ਫੀਸਦੀ ਪੂਰਾ ਕਰਨ ਦੀ ਹਦਾਇਤ
– ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਮਹੀਨਾਵਾਰ ਮੀਟਿੰਗ ਆਯੋਜਿਤ
ਨਵਾਂਸ਼ਹਿਰ, 28 ਅਕਤੂਬਰ, 2021
ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਜ਼ਿਲ੍ਹੇ ਵਿਚ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ ਕੀਤੀ।
ਇਸ ਮੀਟਿੰਗ ਵਿਚ ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਜ਼ਿਲ੍ਹੇੇ ਵਿਚ ਡੇਂਗੂ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਢੁੱਕਵੇਂ ਕਦਮ ਉਠਾਉਣ ਸਮੇਤ ਸਾਰੇ ਕੌਮੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ 100 ਫੀਸਦੀ ਪੂਰਾ ਕਰਨ ਦੀ ਹਦਾਇਤ ਕੀਤੀ।

ਹੋਰ ਪੜ੍ਹੋ :-ਸਬ-ਡਵੀਜ਼ਨ ਪੱਧਰ ’ਤੇ ਲੱਗੇ ਵਿਸ਼ੇਸ਼ ਸੁਵਿਧਾ ਕੈਂਪਾਂ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ ਲਾਭ
ਡਾ. ਇੰਦਰਮੋਹਨ ਗੁਪਤਾ ਨੇ ਡੇਂਗੂ ਤੋਂ ਬਚਾਅ ਲਈ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਸਥਾਨਾਂ ਉੱਤੇ ਡੇਂਗੂ ਦੇ ਵੱਧ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਸਥਾਨਾਂ ਉੱਤੇ ਫੋਗਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਦੋਂ ਵੀ ਫੋਗਿੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਘਰਾਂ ਦੇ ਖਿੜਕੀਆਂ-ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ ਅਤੇ ਫੋਗਿੰਗ ਹੋਣ ਤੋਂ ਬਾਅਦ ਘਰਾਂ ਦੇ ਦਰਵਾਜ਼ੇ-ਖਿੜਕੀਆਂ 10-15 ਮਿੰਟ ਲਈ ਬੰਦ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫੋਗਿੰਗ ਸਵੇਰੇ ਵੇਲੇ ਅਤੇ ਸ਼ਾਮ ਵੇਲੇ ਕਰਨੀ ਯਕੀਨੀ ਬਣਾਈ ਜਾਵੇ, ਕਿਉਂਕਿ ਇਹ ਮੱਛਰ ਸਵੇਰੇ ਅਤੇ ਸ਼ਾਮ ਨੂੰ ਜ਼ਿਆਦਾ ਸਰਗਰਮ ਹੁੰਦਾ ਹੈ।
ਡਾ. ਗੁਪਤਾ ਨੇ ਦੱਸਿਆ ਕਿ ਕਿ ਡੇਂਗੂ ਦਾ ਮੱਛਰ ਹਫਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ‘ਫਰਾਈ-ਡੇਅ, ਡਰਾਈ-ਡੇਅ’ ਮਨਾਉਣ ਲਈ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਜਿਸ ਤੋਂ ਭਾਵ ਹੈ ਕਿ ਸਾਰੇ ਘਰਾਂ ਅਤੇ ਸੰਸਥਾਵਾਂ ਅੰਦਰ ਲੱਗੇ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁਕਾਇਆ ਜਾਵੇ, ਕਿਉਂਕਿ ਖੜ੍ਹਾ ਪਾਣੀ ਡੇਂਗੂ ਦੇ ਲਾਰਵੇ ਦੇ ਪਨਪਣ ਦਾ ਵੱਡਾ ਸਬੱਬ ਬਣਦਾ ਹੈ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿੱਛੇ ਲੱਗੀਆਂ ਟਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰ, ਕਬਾੜ ਆਦਿ ‘ਚ ਖੜ੍ਹੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਹਫਤੇ ਵਿਚ ਇਕ ਵਾਰ ਸਾਫ ਜ਼ਰੂਰ ਕੀਤਾ ਜਾਵੇ।
ਸਿਵਲ ਸਰਜਨ  ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਜਣੇਪੇ ਨਾਲ ਸਬੰਧਤ ਕਈ ਤਰ੍ਹਾਂ ਦੇ ਜ਼ੋਖਮਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀ ਔਰਤਾਂ ਦੀ 100 ਫੀਸਦੀ ਰਜਿਸਟ੍ਰੇਸ਼ਨ, ਚਾਰ ਏ.ਐੱਨ.ਸੀ. ਚੈਕਅੱਪ ਤੇ ਸੰਸਥਾਗਤ ਜਣੇਪਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਪਹਿਲ ਦੇ ਆਧਾਰ ਉੱਤੇ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਜੋ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਡਾ. ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਲਾਭ ਪ੍ਰਾਪਤ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ, ਡਾ ਕੁਲਵਿੰਦਰ ਮਾਨ, ਡਾ ਹਰਬੰਸ ਸਿੰਘ, ਡਾ. ਮਨਦੀਪ ਕਮਲ, ਡਾ ਰਵਿੰਦਰ ਸਿੰਘ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਡਿਪਟੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਤੇ ਜ਼ਿਲ੍ਹਾ ਅਕਾਊਂਟ ਅਫਸਰ ਦੀਪਕ ਵਰਮਾ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Spread the love