ਡਿਪਟੀ ਕਮਿਸ਼ਨਰ ਰਿਹਾਇਸ਼ ਦੀ ਚੈਕਿੰਗ ਕਰਨ ਆਈ ਡੇਂਗੂ ਸਰਵਿਲੈਂਸ ਟੀਮ ਦਾ ਡਿਪਟੀ ਕਮਿਸ਼ਨਰ ਨੇ ਵਧਾਇਆ ਹੌਂਸਲਾ
ਅੱਠ ਦਿਨਾਂ ’ਚ ਟੀਮ ਨੇ 13572 ਘਰਾਂ ਅਤੇ 91708 ਕੰਟੇਨਰਾਂ ਦੀ ਕੀਤੀ ਚੈਕਿੰਗ ਅਤੇ ਕ੍ਰਮਵਾਰ 833 ਕੰਟੇਨਰਾਂ ਤੋਂ ਲਾਰਵਾ ਨਸ਼ਟ ਕਰਵਾਇਆ
ਲੋਕਾਂ ਦਾ ਡੇਂਗੂ ਸਰਵਿਲੈਂਭਸ ਟੀਮ ਤੋਂ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕੀਤੀ ਅਪੀਲ
ਕਿਹਾ, ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣਾ ਬਹੁਤ ਜ਼ਰੂਰੀ
ਹੁਸ਼ਿਆਰਪੁਰ, 12 ਜੂਨ 2021 ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਨੂੰ ਚੈਕ ਕਰ ਰਹੀ ਡੇਂਗੂ ਸਰਵਿਲੈਂਸ ਟੀਮ ਤੋਂ ਬਚਾਅ ਸਬੰਧੀ ਅਹਿਮ ਭੂਮਿਕਾ ਅਦਾ ਕਰ ਰਹੀ ਹੈ, ਜਿਸ ਨਾਲ ਜਿਥੇ ਡੇਂਗੂ ਦਾ ਲਰਵਾ ਨਸ਼ਟ ਹੋ ਰਿਹਾ ਹੈ ਉਥੇ ਲੋਕ ਵੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਦਿਨਾਂ ਵਿੱਚ 60 ਮੈਬਰੀ ਟੀਮ ਨੇ 13572 ਘਰਾਂ ਦੀ ਚੈਕਿੰਗ ਕਰਕੇ 784 ਘਰਾਂ ਵਿੱਚ ਪਾਏ ਗਏ ਲਾਰਵੇ ਨੂੰ ਨਸ਼ਟ ਕਰਵਾਇਆ ਹੈ, ਇਸੇ ਤਰ੍ਹਾਂ 91708 ਕੰਟੇਨਰ ਚੈਕ ਕੀਤੇ 833 ਕੰਟੇਨਰਾਂ ਵਿੱਚ ਲਾਰਵੇ ਨੂੰ ਨਸ਼ਟ ਕਰਵਾਇਆ ਗਿਆ। ਉਨ੍ਹਾਂ ਟੀਮ ਵਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਵਲੋਂ ਘਰ-ਘਰ ਕੀਤੀ ਜਾ ਰਹੀ ਚੈਕਿੰਗ ਦੇ ਚੱਲਦੇ ਕਈ ਸਥਾਨਾਂ ’ਤੇ ਡੇਂਗੂ ਫੈਲਾਅ ’ਤੇ ਪਹਿਲਾਂ ਹੀ ਕਾਬੂ ਪਾ ਲਿਆ ਗਿਆ ਹੈ।
ਇਸੇ ਕੜੀ ਵਿੱਚ ਅੱਜ ਡੇਂਗੂ ਸਰਵਿਲੈਂਸ ਟੀਮ ਵਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਰਿਹਾਇਸ਼ ’ਤੇ ਤਾਇਨਾਤ ਸਟਾਫ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਇਸ ਦੌਰਾਨ ਡੇਂਗੂ ਸਰਵਿਲੈਂਸ ਟੀਮ ਦੀ ਹੌਂਸਲਾ ਅਫਜਾਈ ਕਰਦਿਆਂ ਹੋਇਆ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ’ਤੇ ਸੰਤੁਸ਼ਟੀ ਜਾਹਰ ਕੀਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਹੋਇਆ ਡੇਂਗੂ ਤੋਂ ਸਬੰਧਤ ਡਿਊਟੀ ਕਰ ਰਹੇ ਸਟਾਫ ਦੇ ਨਾਲ ਸਹਿਯੋਗ ਕਰਨ ਦੇ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਸਾਰੇ ਸਿਹਤਮੰਦ ਰਹਿ ਸਕੀਏ। ਉਨ੍ਹਾਂ ਕਿਹਾ ਕਿ ਵਲੰਟੀਅਰ ਲੋਕਾਂ ਦੀ ਸੁਰੱਖਿਆ ਦੇ ਲਈ ਹੀ ਸਰਵੇ ਕਰ ਰਹੇ ਹਨ ਇਸ ਲਈ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਪਨੀਤ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਦੇ ਲਈ ਸਾਵਧਾਨੀਆਂ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਅ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਸਾਫ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕੋਵਿਡ19 ਤੋਂ ਬਚਾਅ ਦੇ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ ਅਤੇ ਸਮੇਂ-ਸਮੇਂ ’ਤੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਸ ਪਾਸ ਪਾਣੀ ਇਕੱਠਾ ਨਾ ਕੀਤਾ ਜਾਵੇ ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਣ ਦੇ ਲਈ ਦਿਨ ਦੇ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਂਦੇ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਪ੍ਰਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਸਿਰ ਦਰਦ ਜਾਂ ਜੋੜਾਂ ਦਾ ਦਰਦ ਆਦਿ ਹੋਵੇ ਤਾਂ ਉਹ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।