ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਈਮੇਰੀ ਸਕੂਲਾਂ ਵਿੱਚ ਪਲੇਠੀ ਗ੍ਰੈਜੂਏਸ਼ਨ ਸੈਰੇਮਨੀ ਹੋਈ
ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨੰਨ੍ਹੇ ਬਾਲ ਹੋਏ ਗ੍ਰੈਜੂਏਟ
ਰੂਪਨਗਰ, 30 ਮਾਰਚ 2022
ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਸੁਚੱਜੀ ਅਗਵਾਈ ਅਤੇ ਪ੍ਰਦੀਪ ਕੁਮਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਤਿਆਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਈਮੇਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਦੋ ਸਾਲ ਬਾਅਦ ਨਰਸਰੀ ਦੇ ਵਿਦਿਆਰਥੀ ਆਪਣਾ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਸਫ਼ਰ ਮੁਕਾ ਕੇ ਪਹਿਲੀ ਜਮਾਤ ਵਿੱਚ ਪ੍ਰਵੇਸ਼ ਕਰਦੇ ਹਨ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਈ.ਓ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਦਿਨ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਮੂਹ ਮਾਪਿਆਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਦਿਖਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਿਆ। ਇਸਦੇ ਨਾਲ ਹੀ ਅਗਲੀਆਂ ਜਮਾਤਾਂ ਵਿੱਚ ਵੀ ਇਹਨਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖ਼ਲ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ।ਇਸ ਮੌਕੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਪ੍ਰੀ-ਪ੍ਰਾਇਮਰੀ ਜਮਾਤਾਂ ਅਤੇ ਸਮਾਰਟ ਕਲਾਸਾਂ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਜਾਣੂ ਕਰਵਾਇਆ ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਤਿਆਲ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਗ੍ਰੈਜੂਏਸ਼ਨ ਸੈਰੇਮਨੀ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਬਾਕਾਇਦਾ ਸੱਦਾ ਪੱਤਰ ਦਿੱਤਾ ਗਿਆ ਸੀ। ਸਕੂਲਾਂ ਵੱਲੋਂ ਇਸ ਸਬੰਧੀ ਬੈਨਰ, ਪੋਸਟਰ ਆਦਿ ਛਪਾਈ ਤੋਂ ਇਲਾਵਾ ਸਾਂਝੀਆਂ ਥਾਵਾਂ ਤੋਂ ਘੋਸ਼ਣਾ ਕਰਵਾ ਕੇ ਅਤੇ ਘਰ-ਘਰ ਜਾ ਕੇ ਮਾਪਿਆਂ ਅਤੇ ਸਮੁਦਾਇ ਨੂੰ ਸੂਚਿਤ ਕੀਤਾ ਗਿਆ ਸੀ ।
ਮਾਪਿਆਂ ਤੋਂ ਇਲਾਵਾ ਸਮੂਹ ਸਕੂਲ ਮੁਖੀ, ਸੈਂਟਰ ਸਕੂਲ ਮੁਖੀ, ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀਆਂ, ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪਤਵੰਤੇ ਸੱਜਣ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਅਧਿਆਪਕਾਂ ਵੱਲੋਂ ਇਸ ਪ੍ਰੋਗਰਾਮ ਦੀ ਆਮਦ ਸਦਕਾ ਆਪਣੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਰੰਗਦਾਰ ਚਾਰਟਾਂ, ਪ੍ਰੀ-ਸਕੂਲ ਮਟੀਰੀਅਲ, ਰੰਗ-ਬਿਰੰਗੇ ਖਿਡੌਣਿਆਂ, ਗੇਂਦਾਂ, ਕਹਾਣੀਆਂ ਦੀਆਂ ਕਿਤਾਬਾਂ, ਕਲੇਅ, ਬੱਚਿਆਂ ਵੱਲੋਂ ਕੀਤੀਆਂ ਡਰਾਇੰਗ ਗਤੀਵਿਧੀਆਂ, ਪੋਸਟਰਾਂ ਅਤੇ ਵਿਭਿੰਨ ਤਸਵੀਰਾਂ ਦੁਆਰਾ ਸਜਾਇਆ ਗਿਆ ਸੀ।
ਅਧਿਆਪਕਾਂ ਵੱਲੋਂ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਭਰੇ ਗਏ ਸਨ ਅਤੇ ਮਾਪੇ ਆਪਣੇ ਨੰਨ੍ਹੇ-ਮੁੰਨ੍ਹਿਆਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ। ਕਈ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਬੱਚਿਆਂ ਦੀ ਫ਼ੋਟੋ ਲਈ ਫ਼ੋਟੋ ਬੂਥ ਅਤੇ ਸੈਲਫ਼ੀ ਪੁਆਇੰਟ ਵੀ ਬਣਾਏ ਗਏ ਸਨ।ਇਸ ਮੌਕੇ ਜ਼ਿਲ੍ਹਾ ਸਿੱਖਿਆ ਪਿੱਟ ਮੀਡੀਆ ਦੇ ਕੁਆਰਡੀਨੇਟਰ ਜਰਨੈਲ ਸਿੰਘ ਨਿਕੂਵਾਲ ਨੇ ਦੱਸਿਆ ਕਿ ਵਿਭਾਗੀ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਪ੍ਰੋਗਰਾਮ ਨੂੰ ਦਿਲਚਸਪ ਅਤੇ ਯਾਦਗਾਰ ਬਣਾਉਣ ਲਈ ਮਾਪਿਆਂ ਅਤੇ ਸਮੁਦਾਇ ਲਈ ਵਿਭਿੰਨ ਰੋਚਕ ਗਤੀਵਿਧੀਆਂ ਜਿਵੇਂ ਮਿਊਜ਼ੀਕਲ ਚੇਅਰ, ਨਿੰਬੂ ਚਮਚ ਦੌੜ ਅਤੇ ਬੈਲੂਨ ਗੇਮਜ਼ ਆਦਿ ਦਾ ਆਯੋਜਨ ਵੀ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਬਣਿਆ। ਜੇਤੂ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਮੁਦਾਇ ਨੂੰ ਮੈਡਲ , ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਵੀ ਕੀਤਾ ਗਿਆ । ਇਸ ਤੋਂ ਇਲਾਵਾ ਇਸ ਦਿਨ ਨਵੇਂ ਵਿਦਿਆਰਥੀਆਂ ਦਾ ਰਸਮੀ ਤੌਰ `ਤੇ ਅਗਲੀ ਜਮਾਤ ਵਿੱਚ ਦਾਖ਼ਲਾ ਕਰਨ, ਗ੍ਰੈਜੂਏਸ਼ਨ ਪਾਸ ਨੰਨ੍ਹੇ ਵਿਦਿਆਰਥੀ ਦੀ ਹੌਸਲਾ ਅਫ਼ਜਾਈ ਵਿੱਚ ਅਧਿਆਪਕ ਵੱਲੋਂ ਦੋ ਤਿੰਨ ਸਤਰਾਂ ਬੋਲਣਾ, ਮਾਪਿਆਂ ਅਤੇ ਸਮੁਦਾਇ ਨੂੰ ਸਕੂਲੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਸਕੂਲ ਕੈਂਪਸ ਅਤੇ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਵਿਜ਼ਟ ਕਰਵਾਈ ਗਈ।