ਪਟਿਆਲਾ, 2 ਮਾਰਚ 2022
ਡਾਇਰੈਕਟਰ ਬਾਗ਼ਬਾਨੀ ਪੰਜਾਬ ਸ਼ੈਲਿੰਦਰ ਕੌਰ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਹੇਠ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਜ਼ਿਮੀਂਦਾਰਾ ਅਤੇ ਆਮ ਲੋਕਾਂ ਲਈ ਘਰੇਲੂ ਬਗੀਚੀ ਵਾਸਤੇ ਗਰਮੀ ਰੁੱਤ ਦੀਆਂ ਮਿੰਨੀ ਕਿੱਟਾਂ ਜਾਰੀ ਕੀਤੀਆਂ ਗਈਆਂ।
ਹੋਰ ਪੜ੍ਹੇਂ :-ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ( ਆਈ.ਐਸ ) ਬਿੰਦਰਾ ਸਟੇਡੀਅਮ ਵਿਖੇ ਹੋਵੇਗਾ ਪਹਿਲਾ ਟੈਸਟ ਮੈਚ
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਸੰਤੁਲਿਤ ਖ਼ੁਰਾਕ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾ ਕੇ ਉਨ੍ਹਾਂ ਦੀ ਵਰਤੋ ਕਰਨੀ ਚਾਹੀਦੀ ਹੈ, ਜਿਸ ਨਾਲ ਘਰੇਲੂ ਵਰਤੋਂ ਲਈ ਜ਼ਹਿਰ ਮੁਕਤ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਆਰਥਿਕ ਤੌਰ ‘ਤੇ ਵੀ ਬੱਚਤ ਹੋਵੇਗੀ। ਇਨ੍ਹਾਂ ਮਿੰਨੀ ਕਿੱਟਾਂ ਵਿੱਚ ਘੀਆ ਕੱਦੂ , ਚੱਪਣ ਕੱਦੂ, ਹਲਵਾ ਕੱਦੂ, ਖੀਰਾ, ਤਰ, ਲੋਬੀਆ, ਭਿੰਡੀ, ਘੀਆ ਤੋਰੀ, ਅਤੇ ਟਿੰਡਾਂ ਦੇ ਬੀਜ ਉਪਲਬਧ ਹਨ ਅਤੇ ਇੱਕ ਕਿੱਟ ਦਾ ਮੁੱਲ ਸਿਰਫ਼ 80 ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਦੇ ਬੀਜ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ ਜਿਸ ਵਿਚੋਂ 400 ਕਿੱਲੋ ਤਾਜ਼ੀ ਸਬਜ਼ੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਹ 7 ਜੀਆਂ ਦੇ ਪਰਿਵਾਰ ਲਈ ਕਾਫ਼ੀ ਹੈ।
ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਰਾਬਾਦ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 120 ਗ੍ਰਾਮ ਹਰੇ ਪਤੇ ਵਾਲੀਆਂ, 90 ਗ੍ਰਾਮ ਜੜਾਂ ਵਾਲੀਆ ਅਤੇ 90 ਗ੍ਰਾਮ ਹੋਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਤੋ ਬਿਨਾਂ 100 ਗ੍ਰਾਮ ਫਲ਼ ਖਾਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਦਫ਼ਤਰ ਉਪ ਡਾਇਰੈਕਟਰ ਬਾਗ਼ਬਾਨੀ ਪਟਿਆਲਾ, ਬਾਗ਼ਬਾਨੀ ਵਿਕਾਸ ਅਫ਼ਸਰ ਭੱਦਕ ਫਾਰਮ (ਰਾਜਪੁਰਾ), ਬਾਗ਼ਬਾਨੀ ਵਿਕਾਸ ਅਫ਼ਸਰ ਸਮਾਣਾ ਤੇ ਭੁਨਰਹੇੜੀ ਅਤੇ ਬਾਗ਼ਬਾਨੀ ਵਿਕਾਸ ਅਫ਼ਸਰ ਨਾਭਾ ਦੇ ਦਫਤਰਾਂ ਵਿਖੇ ਵੀ ਉਪਲਬਧ ਹਨ। ਉਨ੍ਹਾਂ ਦੱਸਿਅ ਕਿ ਆਰਗੈਨਿਕ ਤਰੀਕੇ ਨਾਲ ਸਬਜ਼ੀ ਪੈਦਾ ਕਰਨ ਲਈ ਆਪਣੇ ਖੇਤਰ ਦੇ ਸਬੰਧਤ ਬਾਗ਼ਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ ਕਰਦੇ ਹੋਏ।