ਅੰਮ੍ਰਿਤਸਰ 26 ਨਵੰਬਰ 2021
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਨਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਵਿਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਨਫਰੰਸ ਹਾਲ ਵਿਚ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਜਨਮ ਸਤਾਬਦੀ ਨੂੰ ਸਮਰਪਿਤ ਸਾਹਿਤਕ ਗੋਸਟੀ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਜੋਂ ਬੋਲਦਿਆਂ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਗਲਪ ਦਾ ਬਾਦਸ਼ਾਹ ਕਿਹਾ ਗਿਆ ਅਤੇ ਉਨ੍ਹਾਂ ਵੱਲੋਂ ਉਘੇ ਸਾਹਿਤਕਾਰਾਂ ਦੀਆਂ ਸਤਾਬਦੀਆਂ ਨੂੰ ਮਨਾਉਣ ਲਈ ਭਾਸ਼ਾ ਵਿਭਾਗ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਲੰਬੇ ਸਮੇਂ ਤੋਂ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ. ਜੋਗਿੰਦਰ ਕੈਰੋਂ ਵੱਲੋਂ ਕੁਲਵੰਤ ਸਿੰਘ ਵਿਰਕ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਸਾਝਾਂ ਦਾ ਜਿਕਰ ਕਰਦੇ ਹੋਏ ਉਸਦੀ ਕਹਾਣੀ ਨੂੰ ਵਿਸ਼ਵ ਪੱਧਰ ਦੀ ਕਹਾਣੀ ਐਲਾਨਿਆ ਗਿਆ। ਭਾਸ਼ਾ ਵਿਭਾਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਰਚਾਉਣਾ ਭਾਸ਼ਾ ਵਿਭਾਗ ਦੇ ਹਿੱਸੇ ਆਇਆ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਸਾਹਿਤ ਅਧਿਐਨ ਵੱਲੋਂ ਜਿਥੇ ਭਾਸ਼ਾ ਵਿਭਾਗ ਦੁਆਰਾ ਉਨ੍ਹਾਂ ਦੀ ਯੂਨੀਵਰਸਿਟੀ ਵਿਚ ਸਮਾਗਮ ਰਚਾਉਣ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਅਤੇ ਪੰਜਾਬੀ ਦਾ ਚੈਖੋਵ ਦਰਸਾਉਂਦੇ ਹੋਏ ਉਨ੍ਹਾਂ ਦੀ ਕਹਾਣੀ ਕਲਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਡਾ. ਕੁਲਵੰਤ ਸਿੰਘ ਵਿਰਕ ਦੇ ਜੀਵਨ ਅਤੇ ਰਚਨਾ ਬਾਰੇ ਉਨ੍ਹਾਂ ਦੀਆਂ ਕਹਾਣੀਆਂ ਵਿਚੋਂ ਦਿ੍ਰਸਟਾਂਤ ਪੇਸ਼ ਕਰਦੇ ਹੋਏ ਵਿਦਵਤਾ ਭਰਪੂਰ ਲੈਕਚਰ ਡਾ. ਧਨਵੰਤ ਕੌਰ ਸ੍ਰੋਮਣੀ ਆਲੋਚਕ ਅਤੇ ਡਾ. ਗੁਰਮੁਖ ਸਿੰਘ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਭਰਪੂਰ ਚਾਨਣਾ ਪਾਇਆ। ਡਾ. ਵੀਰਪਾਲ ਕੌਰ, ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਦੱਸਿਆ ਗਿਆ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਰੇ ਪੰਜਾਬ ਵਿੱਚ ਵੱਖ ਵੱਖ ਪ੍ਰੋਗਰਾਮ ਕਰਵਾ ਕੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਭਾਸ਼ਾ ਵਿਭਾਗ ਵੱਲੋਂ ਤਿਆਰ ਕੀਤਾ ਕੁਲਵੰਤ ਸਿੰਘ ਵਿਰਕ ਦੀ ਜਨਮ ਸਤਾਬਦੀ ਨੂੰ ਸਮਰਪਿਤ ਜਨ ਸਹਿਤ ਦਾ ਵਿਸ਼ੇਸ਼ ਅੰਕ ਰਲੀਜ ਕੀਤਾ ਗਿਆ। ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ, ਸਹਾਇਕ ਡਾਇਰੈਕਟਰ ਵੱਲੋਂ ਕੀਤਾ ਗਿਆ ਅਤੇ ਸ੍ਰ. ਸਤਨਾਮ ਸਿੰਘ ਸਹਾਇਕ ਡਾਇਰੈਕਟਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਅੰਮ੍ਰਿਤਸਰ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸਮਾਗਮ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਵੀਨ ਕੁਮਾਰ, ਸਹਾਇਕ ਡਾਇਰੈਕਟਰ, ਭਗਵਾਨ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਜਸਬੀਰ ਸਿੰਘ, ਸ਼ਾਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਸਾਹਿਤਕਾਰਾਂ ਵਿਚ ਸੁਲੱਖਣ ਸਰਹੱਦੀ, ਜਸਵਿੰਦਰ ਢਿੱਲੋਂ, ਕਸ਼ਮੀਰ ਸਿੰਘ ਪੰਨੂ, ਜਸਬੀਰ ਸਿੰਘ ਝਬਾਲ, ਡਾ. ਭੁਪਿੰਦਰ ਸਿੰਘ ਮੱਟੂ, ਡਾ. ਮੇਘਾ ਸਲਵਾਨ, ਡਾ. ਜਤਿੰਦਰ ਕੌਰ, ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਕੈਪਸ਼ਨ : ਕੁਲਵੰਤ ਸਿੰਘ ਵਿਰਕ ਦੀ ਜਨਮ ਸਤਾਬਦੀ ਨੂੰ ਸਮਰਪਿਤ ਜਨ ਸਹਿਤ ਦਾ ਵਿਸ਼ੇਸ਼ ਅੰਕ ਰਲੀਜ ਕਰਦੇ ਹੋਏ ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ, ਸਹਾਇਕ ਡਾਇਰੈਕਟਰ।