ਉਪ ਮੁੱਖ ਮੰਤਰੀ ਵੱਲੋਂ ਆਈ.ਐਮ.ਏ. ਪੰਜਾਬ ਤੇ ਬੀਮਾ ਕੰਪਨੀ ਨਾਲ ਮੀਟਿੰਗ, ਬਕਾਇਆ ਅਦਾਇਗੀਆਂ ਤੇ ਹੋਰ ਮੁੱਦਿਆਂ ਦਾ ਕੀਤਾ ਨਿਬੇੜਾ

VARINDER
ਉਪ ਮੁੱਖ ਮੰਤਰੀ ਵੱਲੋਂ ਆਈ.ਐਮ.ਏ. ਪੰਜਾਬ ਤੇ ਬੀਮਾ ਕੰਪਨੀ ਨਾਲ ਮੀਟਿੰਗ, ਬਕਾਇਆ ਅਦਾਇਗੀਆਂ ਤੇ ਹੋਰ ਮੁੱਦਿਆਂ ਦਾ ਕੀਤਾ ਨਿਬੇੜਾ
ਹਸਪਤਾਲਾਂ ਨੂੰ 30 ਕਰੋੜ ਰੁਪਏ ਅਗਲੇ 2 ਦਿਨ੍ਹਾਂ “ਚ ਦਿੱਤੇ ਜਾਣਗੇ, ਬਾਕੀ ਰਹਿੰਦੀਆਂ ਅਦਾਇਗੀਆਂ ਵੀ ਕੀਤੀਆਂ ਜਾਣਗੀਆਂ ਜਲਦ – ਓ.ਪੀ.ਸੋਨੀ
ਨਿੱਜੀ ਹਸਪਤਾਲਾਂ ਨੂੰ ਕਿਹਾ! ਐਸ.ਐਸ.ਬੀ.ਵਾਈ. ਸਕੀਮ ਅਧੀਨ ਗਰੀਬਾਂ ਦੇ ਇਲਾਜ਼ ਤੋਂ ਨਾ ਕੀਤੀ ਜਾਵੇ ਇਨਕਾਰੀ
ਪੰਜਾਬ ਸਰਕਾਰ ਨਾਲ ਕਦੇ ਕੋਈ ਮਤਭੇਦ ਨਹੀਂ ਰਿਹਾ – ਡਾ.ਕੁਲਦੀਪ ਸਿੰਘ ਅਰੋੜਾ, ਪੰਜਾਬ ਪ੍ਰਧਾਨ ਆਈ.ਐਮ.ਏ.
ਲੁਧਿਆਣਾ, 24 ਅਕਤੂਬਰ 2021

ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ.) ਅਧੀਨ ਸੂਚੀਬੱਧ ਨਿੱਜੀ ਹਸਪਤਾਲ, ਸੂਬਾ ਸਰਕਾਰ ਦੁਆਰਾ ਚਲਾਈ ਗਈ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਇਲਾਜ ਤੋਂ ਇਨਕਾਰ ਨਹੀਂ ਕਰਨਗੇ ਕਿਉਂਕਿ ਅੱਜ ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਸ.ਬੀ.ਆਈ. ਬੀਮਾ ਕੰਪਨੀ ਨਾਲ ਮੀਟਿੰਗ ਕਰਕੇ ਸਾਰੇ ਮੁੱਦਿਆਂ ਨੂੰ ਸੁਹਿਰਦਤਾ ਨਾਲ ਨਿਬੇੜਾ ਕੀਤਾ ਗਿਆ।

ਹੋਰ ਪੜ੍ਹੋ :-ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇਗਾ – ਸੋਨੀ

ਸੂਚੀਬੱਧ ਨਿੱਜੀ ਹਸਪਤਾਲਾਂ ਵੱਲੋਂ ਐਸ.ਐਸ.ਬੀ.ਵਾਈ. ਦੇ ਲਾਭਪਾਤਰੀਆਂ ਦੇ ਇਲਾਜ ਤੋਂ ਇਨਕਾਰ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਇਹ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ।

ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਸਿਹਤ ਮੰਤਰਾਲਾ ਵੀ ਹੈ, ਨੇ ਕਿਹਾ ਕਿ ਬਕਾਇਆ ਅਦਾਇਗੀਆਂ ਅਤੇ ਹੋਰ ਬੇਨਿਯਮੀਆਂ ਸਬੰਧੀ ਸਾਰੇ ਮੁੱਦੇ ਹੱਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀ ਅਗਲੇ ਦੋ ਦਿਨਾਂ ਵਿੱਚ ਹਸਪਤਾਲਾਂ ਨੂੰ 30 ਕਰੋੜ ਰੁਪਏ ਦੀ ਅਦਾਇਗੀ ਕਰਨ ਤੋਂ ਇਲਾਵਾ ਬਾਕੀ ਰਹਿੰਦੀਆਂ ਅਦਾਇਗੀਆਂ ਵੀ ਜਲਦੀ ਕਰ ਦੇਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ, ਬੀਮਾ ਕੰਪਨੀ ਅਤੇ ਆਈ.ਐਮ.ਏ. ਪੰਜਾਬ ਦੇ ਨੁਮਾਇੰਦਿਆਂ ਦੀ ਇੱਕ ਸ਼ਿਕਾਇਤ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ।

ਸ੍ਰੀ ਸੋਨੀ ਨੇ ਇਹ ਵੀ ਦੱਸਿਆ ਕਿ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਕੇ 15 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਇਸ ਸਬੰਧੀ ਰਸਮੀ ਐਲਾਨ ਵੀ ਕਰਨਗੇ।

ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾਲ ਸਮਾਜ ਦੇ ਉਨ੍ਹਾਂ ਵਰਗਾਂ ਨੂੰ 5 ਲੱਖ ਰੁਪਏ ਤੱਕ ਦੀ ਇੰਸੋਰੈਂਸ ਦੇ ਲਾਭ ਦਿੱਤੇ ਜਾਣਗੇ ਜੋ ਪਹਿਲਾਂ ਇਸ ਯੋਜਨਾ ਤੋਂ ਵਾਂਝੇ ਰਹਿ ਗਏ ਸਨ।

ਉਨ੍ਹਾਂ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸਥਿਤੀ ਵਿੱਚ ਲਾਭਪਾਤਰੀਆਂ ਦੇ ਇਲਾਜ ਤੋਂ ਇਨਕਾਰੀ ਨਾ ਕਰਨ ਅਤੇ ਕਿਹਾ ਕਿ ਸੂਬਾ ਸਰਕਾਰ ਇਸ ਸਕੀਮ ਤਹਿਤ ਗਰੀਬ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਅਰੋੜਾ ਨੇ ਆਈ.ਐਮ.ਏ. ਅਤੇ ਬੀਮਾ ਕੰਪਨੀ ਦਰਮਿਆਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਈ.ਐਮ.ਏ. ਦਾ ਕਦੇ ਵੀ ਪੰਜਾਬ ਸਰਕਾਰ ਨਾਲ ਕੋਈ ਮਤਭੇਦ ਨਹੀਂ ਸੀ, ਬਲਕਿ ਬੀਮਾ ਕੰਪਨੀ ਨਾਲ 140 ਕਰੋੜ ਰੁਪਏ ਦੀ ਅਦਾਇਗੀ ਬਕਾਇਆ ਸੀ ਜਿਸ ਕਾਰਨ ਨਿੱਜੀ ਹਸਪਤਾਲ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਨ।

ਡਾ. ਅਰੋੜਾ ਨੇ ਕਿਹਾ ਕਿ ਆਈ.ਐਮ.ਏ. ਅਤੇ ਬੀਮਾ ਕੰਪਨੀ ਦਰਮਿਆਨ ਸਾਰੇ ਮਸਲੇ ਹੱਲ ਹੋ ਗਏ ਹਨ।

ਇਸ ਮੌਕੇ ਸਿਹਤ ਸਕੱਤਰ ਸ੍ਰੀ ਵਿਕਾਸ ਗਰਗ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਉਪ ਮੁੱਖ ਮੰਤਰੀ ਦੇ ਸਲਾਹਕਾਰ ਡਾ. ਤੇਜਿੰਦਰ ਪਾਲ ਸਿੰਘ ਅਤੇ ਹੋਰ ਹਾਜ਼ਰ ਸਨ।

Spread the love