ਜਿਲ੍ਹਾ ਵਾਸੀਆਂ ਨੂੰ ਕੀਤੀ ਮਾਸਕ ਲਗਾਉਣ ਤੇ ਆਪਸੀ ਦੂਰੀ ਬਨਾਉਣ ਦੀ ਅਪੀਲ
ਜਿੰਨਾਂ ਨੇ ਵੈਕਸੀਨ ਅਜੇ ਤੱਕ ਨਹੀਂ ਲਗਵਾਈ, ਉਹ ਵੈਕਸੀਨ ਜ਼ਰੂਰ ਲਗਾਉਣ-ਖਹਿਰਾ
ਅੰਮ੍ਰਿਤਸਰ, 5 ਜਨਵਰੀ 2022
ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦਾ ਕੋਵਿਡ ਟੈਸਟ ਅੱਜ ਪਾਜਿਟਵ ਆਇਆ ਹੈ। ਉਨਾਂ ਨੂੰ ਬੀਤੀ ਰਾਤ ਤੋਂ ਥਕਾਵਟ ਅਤੇ ਸਰੀਰ ਵਿਚ ਦਰਦ ਮਹਿਸੂਸ ਹੋ ਰਹੀ ਸੀ, ਜਿਸਦੇ ਚੱਲਦੇ ਉਨਾਂ ਨੇ ਡਾਕਟਰ ਦੀ ਸਲਾਹ ਨਾਲ ਕੋਰੋਨਾ ਦਾ ਟੈਸਟ ਕਰਵਾਇਆ, ਜੋ ਕਿ ਪਾਜ਼ਿਟਵ ਆਇਆ ਹੈ। ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣ ਕਾਰਨ ਬਹੁਤ ਗੰਭੀਰ ਲੱਛਣ ਜਾਂ ਹੋਰ ਸਰੀਰਕ ਸਮੱਸਿਆ ਫਿਲਹਾਲ ਉਨਾਂ ਨੂੰ ਨਹੀਂ ਹੈ।
ਹੋਰ ਪੜ੍ਹੋ :-15 ਤੋਂ 18 ਸਾਲ ਦੇ ਕਿਸ਼ੋਰਾਂ ਨੂੰ ਵੈਕਸੀਨ ਲੱਗਣੀ ਸ਼ੁਰੂ-681 ਬੱਚਿਆਂ ਨੂੰ ਲੱਗ ਚੁੱਕੀ ਹੈ ਵੈਕਸ਼ੀਨੇਸ਼ਨ
ਫੋਨ ਤੇ ਆਪਣਾ ਹਾਲ-ਚਾਲ ਦੱਸਦੇ ਸ. ਖਹਿਰਾ ਨੇ ਜਿੱਥੇ ਬੀਤੇ ਦਿਨਾਂ ਤੋਂ ਉਨਾਂ ਦੇ ਸੰਪਰਕ ਵਿਚ ਆਏ ਅਧਿਕਾਰੀਆਂ, ਕਰਮਚਾਰੀਆਂ ਤੇ ਆਮ ਲੋਕਾਂ ਨੂੰ ਪਰਿਵਾਰਕ ਤੇ ਹੋਰ ਮੈਂਬਰਾਂ ਤੋਂ ਦੂਰੀ ਬਣਾਈ ਰੱਖਣ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ , ਉਥੇ ਉਨਾਂ ਜਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਉਹ ਮਾਸਕ ਲਗਾਉਣ ਤੇ ਇਕ-ਦੂਸਰੇ ਤੋੋਂ ਦੂਰੀ ਬਣਾਏ ਰੱਖਣ ਵਿਚ ਲਾਪਰਵਾਹੀ ਨਾ ਵਰਤਣ।
ਉਨਾਂ ਕਿਹਾ ਕਿ ਕਰੋਨਾ ਜਿਸ ਰਫਤਾਰ ਨਾਲ ਵੱਧ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ਲਈ ਚੰਗੇ ਸੰਕੇਤ ਨਹੀਂ ਹਨ। ਉਨਾਂ ਸਾਰੇ ਜਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਦਾ ਇਕੋ-ਇਕ ਉਪਾਅ, ਜੋ ਕਿ ਵੈਕਸੀਨ ਹੀ ਹੈ, ਲਗਾਉਣ ਵਿਚ ਦੇਰੀ ਨਾ ਕਰਨ ਅਤੇ ਜਿੰਨਾ ਲੋਕਾਂ ਨੇ ਅਜੇ ਤੱਕ ਕਰੋਨਾ ਤੋਂ ਬਚਾਅ ਦਾ ਟੀਕਾ ਨਹੀਂ ਲਗਾਇਆ ਉਹ ਇਹ ਦੋਵੇਂ ਟੀਕੇ ਜ਼ਰੂਰ ਲਗਾਉਣ। ਆਪਣਾ ਤਜ਼ਰਬਾ ਦੱਸਦੇ ਸ. ਖਹਿਰਾ ਨੇ ਕਿਹਾ ਕਿ ਭਾਵੇਂ ਮੇਰਾ ਕੋਵਿਡ ਟੈਸਟ ਪਾਜ਼ਿਟਵ ਆਇਆ ਹੈ, ਪਰ ਸਰੀਰ ਨੂੰ ਬਹੁਤੀ ਤਕਲੀਫ ਨਹੀਂ ਹੈ। ਥੋੜਾ ਸਰੀਰਕ ਦਰਦ ਅਤੇ ਥਕਾਵਟ ਮਹਿਸੂਸ ਹੋ ਰਹੀ ਹੈ। ਉਨਾਂ ਕਿਹਾ ਕਿ ਜੇਕਰ ਤਹਾਨੂੰ ਕਿਸੇ ਨੂੰ ਵੀ ਅਜਿਹੇ ਲੱਛਣ ਮਹਿਸੂਸ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਆਪਣਾ ਟੈਸਟ ਕਰਵਾਓ ਤੇ ਆਪਣੇ ਆਪ ਨੂੰ ਪਰਿਵਾਰ ਤੇ ਹੋਰ ਮੈਂਬਰਾਂ ਤੋਂ ਵੱਖਰਾ ਕਰ ਲਵੋ ਤਾਂ ਕਿ ਇਹ ਬਿਮਾਰੀ ਅੱਗੇ ਤੋਂ ਅੱਗੇ ਨਾ ਫੈਲੇ।