ਕਿਹਾ, ਸਿਹਤ ਸੰਸਥਾਵਾਂ ’ਚ ਵੱਡੇ ਪੱਧਰ ’ਤੇ ਆਕਸੀਜਨ ਦੇ ਭੰਡਾਰ ਲਈ ਅਜਿਹੇ ਆਡਿਟ ਸਮੇਂ ਦੀ ਲੋੜ
ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਜੇਕਰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਹਸਪਤਾਲ ਦੀ ਹੋਵੇਗੀ ਜਿੰਮੇਵਾਰੀ
ਜਲੰਧਰ 10 ਨਵੰਬਰ 2021
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲਾ ਜਲੰਧਰ ਵਿੱਚ ਸਥਿਤ ਸਾਰੇ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਨੂੰ ਆਪਣੇ ਆਪਣੇ ਅਦਾਰਿਆਂ ਵਿੱਚ ਜੇਕਰ ਕੋਈ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਾਇਰ ਸੇਫ਼ਟੀ ਆਡਿਟ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ :- ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 12 ਨਵੰਬਰ ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਵੱਡੇ ਪੱਧਰ ’ਤੇ ਆਕਸੀਜਨ ਦਾ ਭੰਡਾਰ ਕਰਨ ਨੂੰ ਮੁੱਖ ਰੱਖਦਿਆਂ ਅਜਿਹੇ ਆਡਿਟ ਕਰਵਾਉਣਾ ਸਮੇਂ ਦੀ ਲੋੜ ਹੈ। ਉਨਾਂ ਦੱਸਿਆ ਕਿ ਮਰੀਜ਼ਾਂ ਦੀ ਸੁਰੱਖਿਆ ਕਰਨੀ ਜ਼ਿਲਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਫਾਇਰ ਸੇਫ਼ਟੀ ਆਡਿਟ ਸੁਰੱਖਿਆ ਮਾਪਦੰਡਾਂ ਨੂੰ ਹਸਪਤਾਲਾਂ ਵਿੱਚ ਪੁਖ਼ਤਾ ਬਣਾ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਸਿੱਧ ਹੋ ਸਕਦੇ ਹਨ।
ਸ੍ਰੀ ਥੋਰੀ ਨੇ ਦੱਸਿਆ ਕਿ ਅਸੁਰੱਖਿਅਤ ਬਿਜਲੀ ਪੁਆਇੰਟ, ਆਕਸੀਜਨ ਸਲੰਡਰ ਅਤੇ ਆਕਸੀਜਨ ਸਪਲਾਈ ਪਾਈਪ ਲਾਈਨਾਂ ਅਤੇ ਹੋਰ ਅਜਿਹੇ ਸਾਧਨ ਜੋ ਅੱਗ ਲੱਗਣ ਦੀਆਂ ਘਟਨਾਵਾਂ ਦੇ ਖਤਰੇ ਨੂੰ ਕਈ ਗੁਣਾ ਵਧਾ ਦਿੰਦੇ ਹਨ ਅਤੇ ਅਜਿਹੇ ਖਤਰਿਆਂ ਨਾਲ ਫਾਇਰ ਸੇਫ਼ਟੀ ਆਡਿਟ ਰਾਹੀਂ ਜਲਦ ਤੋਂ ਜਲਦ ਨਿਪਟਣ ਦੀ ਲੋੜ ਹੈ। ਉਨਾਂ ਕਿਹਾ ਕਿ ਅਜਿਹੇ ਆਡਿਟ ਹਸਪਤਾਲਾਂ ਨੂੰ ਸੰਭਾਵੀ ਖ਼ਤਰਿਆਂ ਦੀ ਪਹਿਚਾਣ ਕਰਕੇ ਇਨਾਂ ਨਾਲ ਨਿਪਟਣ ਦੇ ਸਮਰੱਥ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਇਹ ਸਪਸ਼ਟ ਕੀਤਾ ਕਿ ਇਸ ਕਾਜ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਸਖ਼ਤੀ ਨਾਲ ਨਿਪਟਿਆ ਜਾਵੇਗਾ । ਉਨਾਂ ਦੱਸਿਆ ਕਿ ਅਜਿਹੇ ਹਸਪਤਾਲਾਂ ਨੂੰ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ। ਉਨਾਂ ਸਿਵਲ ਸਰਜਨ ਜਲੰਧਰ ਨੂੰ ਵੀ ਹਦਾਇਤ ਕੀਤੀ ਕਿ ਇਹ ਹਦਾਇਤਾਂ ਜਾਰੀ ਹੋਣ ’ਤੇ ਤੁਰੰਤ ਪਾਲਣਾ ਰਿਪੋਰਟ ਪੇਸ਼ ਕੀਤੀ ਜਾਵੇ।