ਫਸਟ ਟਾਈਮ ਵੋਟਰਾਂ ਨੂੰ ਸਰਟੀਫਿਕੇਟਾਂ ਨਾਲ ਕੀਤਾ ਸਨਮਾਨਿਤ
ਜਲੰਧਰ, 20 ਫਰਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲਾਡੋਵਾਲੀ ਰੋਡ ਵਿਖੇ ਪੋਲਿੰਗ ਬੂਥ ‘ਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ, ਇਨਕਮ ਟੈਕਸ, ਜਲੰਧਰ ਗਗਨ ਕੁੰਦਰਾ ਵੀ ਮੌਜੂਦ ਸਨ।
ਹੋਰ ਪੜ੍ਹੋ :-ਬਾਦਲ, ਭਾਜਪਾ ਅਤੇ ਕੈਪਟਨ ਦਾ ਗਠਜੋੜ ਮੰਗਲ ਗ੍ਰਹਿ ‘ਤੇ ਸਰਕਾਰ ਬਣਾ ਸਕੇਗਾ, ਪੰਜਾਬ ਦੀ ਪਵਿੱਤਰ ਧਰਤੀ ‘ਤੇ ਨਹੀਂ: ਹਰਪਾਲ ਸਿੰਘ ਚੀਮਾ
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਿੰਗ ਨੂੰ ਸੁਚਾਰੂ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ 20,000 ਤੋਂ ਵੱਧ ਸਿਵਲ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੋਲਿੰਗ ਸਟਾਫ਼, ਆਰ.ਓਜ਼ ਦੇ ਨਾਲ ਤਾਇਨਾਤ ਸਟਾਫ਼, ਨਿਗਰਾਨ ਟੀਮਾਂ ਦੇ ਮੈਂਬਰ ਅਤੇ ਪੁਲਿਸ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੇ ਪ੍ਰਬੰਧਾਂ ਅਤੇ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ 1975 ਪੋਲਿੰਗ ਬੂਥਾਂ ’ਤੇ ਸੌ ਫੀਸਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਲਈ ਸਾਰੀਆਂ ਪੋਲਿੰਗ ਲੋਕੇਸ਼ਨਾਂ ‘ਤੇ ਮਾਈਕਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਸਨਮਾਨਤ ਕਰਨ ਤੋਂ ਇਲਾਵਾ ਬੂਥ ‘ਤੇ ਮੌਜੂਦ ਵਲੰਟੀਅਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਸਮੇਂ ਸਿਰ ਆਪਣੇ ਸਬੰਧਤ ਬੂਥਾਂ ‘ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਮਾਜਿਕ ਦੂਰੀ, ਮਾਸਕ ਸਮੇਤ ਹੋਰ ਕੋਵਿਡ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।