ਕਿਹਾ ਕਿਸਾਨਾਂ ਨੂੰ ਕਣਕ ਵੇਚਣ ਵਿਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਫਾਜਿ਼ਲਕਾ, 5 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ ਅਗਰਵਾਲ ਨੇ ਜਿਉਂ ਹੀ ਮੰਗਲਵਾਰ ਨੂੰ ਅਹੁਦਾ ਸੰਭਾਲਿਆ ਤਾਂ ਇਸਤੋਂ ਤੁਰੰਤ ਬਾਅਦ ਹੀ ਉਹ ਐਕਸ਼ਨ ਵਿਚ ਨਜਰ ਆਏ ਅਤੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਉਹ ਪਹੁੰਚ ਗਏ ਦਾਣਾ ਮੰਡੀਆਂ ਵਿਚ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਹਿਮਾਂਸੂ ਅਗਰਵਾਲ ਨੇ ਅਹੁਦਾ ਸੰਭਾਲਿਆ
ਸਭ ਤੋਂ ਪਹਿਲਾਂ ਉਹ ਫਾਜਿ਼ਲਕਾ ਦੀ ਮੁੱਖ ਦਾਣਾ ਮੰਡੀ ਵਿਚ ਗਏ ਅਤੇ ਇੱਥੇ ਮੰਡੀ ਵਿਚ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਮੰਡੀ ਦੀ ਚੈਕਿੰਗ ਦੌਰਾਨ ਉਹ ਇੱਥੇ ਕਿਸਾਨਾਂ ਅਤੇ ਲੇਬਰ ਦੀ ਸਹੁਲਤ ਲਈ ਕੀਤੇ ਇੱਕਲੇ ਇੱਕਲੇ ਇੰਤਜਾਮ ਨੂੰ ਖੁਦ ਚੈਕ ਕਰਦੇ ਨਜਰ ਆਏ ਅਤੇ ਮੰਡੀ ਦੀ ਸਰਸਰੀ ਨਜਰਸਾਨੀ ਕਰਨ ਦੀ ਬਜਾਏ ਉਨ੍ਹਾਂ ਨੇ ਮੰਡੀ ਦੀ ਬਰੀਕੀ ਨਾਲ ਚੈਕਿੰਗ ਕੀਤੀ।ਉਨ੍ਹਾਂ ਨੇ ਮੰਡੀ ਅਧਿਕਾਰੀਆਂ ਅਤੇ ਖਰੀਦ ਏਂਜਸੀਆਂ ਨੂੰ ਦੋ ਟੂਕ ਸ਼ਬਦਾਂ ਵਿਚ ਦੱਸ ਦਿੱਤਾ ਕਿ ਕਣਕ ਵੇਚਣ ਮੰਡੀ ਵਿਚ ਆਉਣ ਵਾਲੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਮੰਡੀ ਵਿਚ ਪੀਣ ਦੇ ਪਾਣੀ ਅਤੇ ਟੁਆਲਿਟ ਬਲਾਕ ਦੀ ਵਿਵਸਥਾ ਦਰੁਤਸ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਬਾਅਦ ਉਹ ਪਿੰਡ ਰਾਮ ਕੋਟ ਦੇ ਖਰੀਦ ਕੇਂਦਰ ਵਿਚ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਰੌਸ਼ਨੀ, ਪਾਣੀ ਅਤੇ ਛਾਂ ਦੇ ਇੰਤਜਾਮ ਕਰਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਫਸਲ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦੇ ਜਾਇਜੇ ਲਈ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੂਰੀ ਤਰਾਂ ਸੁੱਕੀ ਅਤੇ ਸਾਫ ਕਣਕ ਮੰਡੀਆਂ ਵਿਚ ਲੈ ਕੇ ਆਉਣ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼, ਐਸਪੀ ਸ੍ਰੀ ਅਜੈ ਰਾਜ ਸਿੰਘ, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿੱਤ ਗੁਪਤਾ, ਸ੍ਰੀ ਦੇਵਦਰਸ਼ ਦੀਪ ਸਿੰਘ, ਡੀਐਫਐਸਸੀ ਹਰਪ੍ਰੀਤ ਸਿੰਘ ਚਾਹਲ, ਡੀਐਮ ਮਾਰਕਫੈਡ ਸਚਿਨ ਅਰੋੜਾ, ਪਨਸਪ ਦੇ ਡੀਐਮ ਵਨੀਤ ਗਰਗ, ਵੇਅਰਹਾਉਸ ਦੇ ਡੀਐਮ ਮਨੀਸ਼ ਧੀਮਾਨ, ਸਕੱਤਰ ਮਾਰਕਿਟ ਕਮੇਟੀ ਜ਼ਸਵਿੰਦਰ ਸਿੰਘ ਚਾਹਲ ਆਦਿ ਵੀ ਹਾਜਰ ਸਨ।