ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਣ ਦਾ ਦਿੱਤਾ ਭਰੋਸਾ
ਤਰਨਤਾਰਨ, 3 ਅਕਤੂਬਰ 2021
ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਕੋਸ਼ਿਸ਼ ਸਦਕਾ ਕੇਂਦਰ ਸਰਕਾਰ ਵੱਲੋਂ 3 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਕੀਤੇ ਗਏ ਐਲਾਨ ਦੇ ਨਾਲ ਹੀ ਜਿਲ੍ਹੇ ਵਿਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਜਿਲ੍ਹੇ ਦੀ ਵੱਡੀ ਅਨਾਜ ਮੰਡੀ ਤਰਨਤਾਰਨ ਅਤੇ ਝਬਾਲ ਵਿਖੇ ਪਹੁੰਚ ਕੇ ਵਿਧਾਇਕ ਸ੍ਰੀ ਧਰਮਵੀਰ ਅਗਨੀਹੋਤਰੀ ਤੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੁਹਾਡੀ ਫਸਲ ਦਾ ਇਕ-ਇਕ ਦਾਣਾ ਖਰੀਦ ਕਰੇਗੀ, ਪਰ ਤੁਸੀਂ ਗਿੱਲੀ ਅਤੇ ਵੱਧ ਨਮੀ ਵਾਲਾ ਝੋਨਾ ਮੰਡੀ ਵਿਚ ਨਾ ਲਿਆਉ। ਸ੍ਰੀ ਅਗਨੀਹੋਤਰੀ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਉਨਾਂ ਦੇ ਯਤਨਾਂ ਸਦਕਾ ਇਹ ਸੰਭਵ ਹੋਇਆ ਹੈ, ਨਹੀਂ ਤਾਂ ਕੇਂਦਰ ਸਰਕਾਰ ਨੇ ਇਸ ਵਾਰ ਸਰਕਾਰੀ ਖ੍ਰੀਦ ਨੂੰ 10 ਦਿਨ ਲਈ ਅੱਗੇ ਪਾ ਦਿੱਤਾ ਸੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਹੋਰ ਪੜ੍ਹੋ :-ਕੇਂਦਰੀ ਪੈਨਲ ਦੇ ਆਧਾਰ ਉਤੇ ਹੀ ਹੋਵੇਗੀ ਪੰਜਾਬ ਦੇ ਡੀ.ਜੀ.ਪੀ. ਦੀ ਨਿਯੁਕਤੀ: ਚੰਨੀ
ਉਨਾਂ ਕਿਹਾ ਕਿ ਸਰਕਾਰ ਵੱਲੋਂ ਤੈਅ ਸ਼ੁਦਾ ਮਾਪਦੰਡ ਮੁਤਾਬਿਕ 17 ਫੀਸਦੀ ਤੱਕ ਨਮੀ ਵਾਲੇ ਝੋਨੇ ਦੀ ਖਰੀਦ ਕਰਨ ਦੀ ਆਗਿਆ ਹੈ ਅਤੇ ਉਸ ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਖਰੀਦਿਆ ਜਾਵੇਗਾ। ਉਨਾਂ ਕਿਹਾ ਕਿ ਮੰਡੀ ਵਿਚ ਕਿਸਾਨ ਨੂੰ ਖੱਜ਼ਲ ਨਾ ਹੋਣਾ ਪਵੇ ਲਈ ਜ਼ਰੂਰੀ ਹੈ ਕਿ ਉਹ ਸੁੱਕਾ ਝੋਨਾ ਮੰਡੀ ਵਿਚ ਲੈ ਕੇ ਆਉਣ। ਇਸ ਲਈ ਨਾ ਤਾਂ ਗਿੱਲੇ ਝੋਨੇ ਦੀ ਕਟਾਈ ਕੀਤੀ ਜਾਵੇ ਅਤੇ ਨਾ ਹੀ ਸਵੇਰੇ ਧੁੱਪ ਚੜਨ ਤੋਂ ਪਹਿਲਾਂ ਤੇ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਝੋਨੇ ਦੀ ਕਟਾਈ ਹੋਵੇ।
ਡਿਪਟੀ ਕਮਿਸ਼ਨਰ ਨੇ ਆੜਤੀਆਂ ਨਾਲ ਗੱਲਬਾਤ ਕਰਦੇ ਤਾਕੀਦ ਕੀਤੀ ਕਿ ਬੋਗਸ ਬਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰੋਂ ਆਇਆ ਝੋਨਾ ਕਿਸੇ ਵੀ ਤਰਾਂ ਤੋਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਨਾਂ ਸ਼ੈਲਰ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਨਾਉਣ। ਇਸ ਮੌਕੇ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ, ਜਿਲ੍ਹਾ ਮੰਡੀ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ –ਤਰਨਤਾਰਨ ਵਿਖੇ ਝੋਨੇ ਦੀ ਖਰਦੀ ਸ਼ੁਰੂ ਕਰਵਾਉਂਦੇ ਵਿਧਾਇਕ ਸ੍ਰੀ ਧਰਮਵੀਰ ਅਗਨੀਹੋਤਰੀ ਤੇ ਡਿਪਟੀ ਕਮਿਸਨਰ ਸ ਕੁਲਵੰਤ ਸਿੰਘ।