ਪਟਿਆਲਾ, 30 ਸਤੰਬਰ 2021
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਕਰਜ਼ਾ ਪ੍ਰਵਾਨਗੀ ਪੱਤਰਾਂ ਦੀ ਵੰਡ ਕੀਤੀ ਅਤੇ ਇਸ ਮੌਕੇ ਉਨ੍ਹਾਂ ਬੀ.ਸੀ ਸਖੀ ਪਾਸ ਕਰਨ ਵਾਲੀਆਂ ਮਹਿਲਾਵਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਪਾਰਕ ਪ੍ਰਤੀਨਿਧ ਦੇ ਸਿਖਲਾਈ ਕੋਰਸ ਨੂੰ ਪਾਸ ਕਰਨ ਵਾਲੇ ਪਟਿਆਲਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ 100 ਤੋਂ ਵੱਧ ਸਵੈ ਸਹਾਇਤਾ ਗਰੁੱਪ ਮੈਂਬਰਾਂ ਨੂੰ ਬਾਇਓ ਮੈਟ੍ਰਿਕ ਯੰਤਰਾਂ ਦੀ ਵੰਡ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਪਟਿਆਲਾ ਵੱਲੋਂ ‘ਆਜਾਦੀ ਕਾ ਅੰਮ੍ਰਿਤ ਮਹਾਂਉਤਸਵ’ ਵਜੋਂ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਬੋਲਦਿਆਂ ਸ਼੍ਰੀ ਕੁਮਾਰ ਅਮਿਤ ਨੇ ਆਰਸੇਟੀ ਪਟਿਆਲਾ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਖ਼ਤਮ ਕਰਨਾ ਬਹੁਤ ਵੱਡਾ ਕੰਮ ਹੈ ਅਤੇ ਆਰਸੇਟੀ ਪਟਿਆਲਾ ਵਰਗੀਆਂ ਸੰਸਥਾਵਾਂ ਸਮਾਜ ਨੂੰ ਸਵੈ ਰੁਜ਼ਗਾਰ ਹਾਸਲ ਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ।
ਏ.ਡੀ.ਸੀ. ਡਾ: ਪ੍ਰੀਤੀ ਯਾਦਵ ਨੇ ਵੀ ਆਰਸੇਟੀ ਵੱਲੋਂ ਚਲਾਏ ਗਏ ਸਿਖਲਾਈ ਕੋਰਸਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਪਟਿਆਲਾ ਖੇਤਰ ਦੇ ਪੇਂਡੂ ਇਲਾਕੇ ਨਾਲ ਸਬੰਧਤ ਗਰੀਬ ਵਰਗ ਨਾਲ ਸਬੰਧਤ ਲੋਕਾਂ ਨੂੰ ਰੋਜ਼ੀ -ਰੋਟੀ ਮੁਹੱਈਆ ਕਰਵਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਆਰਸੇਟੀ ਪੰਜਾਬ ਦੇ ਡਾਇਰੈਕਟਰ ਸ਼੍ਰੀ ਚਰਨਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਿਖਲਾਈ ਲੈਣ ਵਾਲਿਆਂ ਨਾਲ ਬੈਂਕਿੰਗ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਵੱਖ -ਵੱਖ ਸਰਕਾਰੀ ਸਕੀਮਾਂ ਅਤੇ ਆਰਸੇਟੀ ਸਿਖਲਾਈ ਬਾਰੇ ਜਾਗਰੂਕਤਾ ਦੀ ਘਾਟ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਭਾਵ ਪਾਇਆ ਕਿ ਆਰਸੇਟੀ ਪੈਟਰਨ ਨੂੰ ਕੋਨੇ ਕੋਨੇ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਪੇਂਡੂ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸਿਖਲਾਈ ਮਿਲ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੁਆਰਾ ਮਿਸ਼ਨ ‘ਅਜੀਵਿਕਾ’ ਦਾ ਇੱਕ ਕਿਤਾਬਚਾ ਵੀ ਲਾਂਚ ਕੀਤਾ ਗਿਆ ਜਿਸ ਵਿੱਚ ਪੀ ਐਸ ਆਰ ਐਲ ਐਮ ਪਟਿਆਲਾ ਦੁਆਰਾ ਸਾਲ 2020-21 ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਸ਼ਾਮਲ ਹਨ।ਪ੍ਰੋਗਰਾਮ ਨੂੰ ਲੀਡ ਡਿਸਟ੍ਰਿਕਟ ਮੈਨੇਜਰ, ਪਟਿਆਲਾ ਪੀ ਐਸ ਆਨੰਦ, ਐਸ ਬੀ ਆਈ ਦੇ ਮੁੱਖ ਪ੍ਰਬੰਧਕਾਂ ਸ਼੍ਰੀਮਤੀ ਚੰਚਲ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਬੀ ਡੀ ਪੀ ਓ, ਪਟਿਆਲਾ ਦੇ ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਰੀਨਾ ਅਤੇ ਡੀ ਪੀ ਐਮ ਐਫ ਆਈ ਸ਼੍ਰੀਮਤੀ ਰਣਦੀਪ ਕੌਰ ਵੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਜੀਵਕਾ ਮਿਸ਼ਨ ਦਾ ਕਿਤਾਬਚਾ ਜਾਰੀ ਕਰਦੇ ਹੋਏ, ਉਨ੍ਹਾਂ ਦੇ ਨਾਲ ਏ.ਡੀ.ਸੀ. ਡਾ. ਪ੍ਰੀਤੀ ਯਾਦਵ ਵੀ ਨਜ਼ਰ ਆ ਰਹੇ ਹਨ।