ਮਰੀਜਾਂ ਨੂੰ ਮਿਲ ਕੇ ਜਾਣੀਆਂ ਮੁਸ਼ਕਲਾਂ
ਹਸਪਤਾਲ ਸਟਾਫ ਨੂੰ ਮਰੀਜਾਂ ਨਾਲ ਹਮਦਰਦੀ ਦਾ ਵਤੀਰਾ ਕਰਨ ਦੀ ਕੀਤੀ ਹਦਾਇਤ
ਅੰਮ੍ਰਿਤਸਰ, 21 ਜਨਵਰੀ 2025
ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਚਨਚੇਤ ਗੁਰੂ ਨਾਨਕ ਦੇਵ ਹਸਪਤਾਲ ਦੀ ਚੈਕਿੰਗ ਕੀਤੀ ਅਤੇ ਉਥੇ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਮਿਲ ਕੇ ਮੁਸ਼ਕਲਾਂ ਨੂੰ ਸੁਣਿਆ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਮੈਡੀਕਲ ਸੁਪਰਡੰਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਰੀਜਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਅਤੇ ਇਸ ਗੱਲ ਦਾ ਵਿਸੇਸ਼ ਧਿਆਨ ਰੱਖਿਆ ਜਾਵੇ ਕਿ ਹਸਪਤਾਲ ਵਿਖੇ ਉਪਲਬੱਧ ਹਰ ਸਹੂਲਤ ਮਰੀਜਾਂ ਨੂੰ ਮਿਲੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਐਮਰਜੈਂਸੀ ਵਾਰਡ, ਮੈਡੀਸਨ ਵਿਭਾਗ ਅਤੇ ਸਰਜਰੀ ਵਿਭਾਗ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਹਦਾਇਤ ਕਰਦਿਆਂ ਕਿਹਾ ਕਿ ਹਸਪਤਾਲ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਹਸਪਤਾਲ ਅੰਦਰ ਸਾਇਨੇਜ ਬੋਰਡ ਜਰੂਰ ਲਗਾਏ ਜਾਣ ਤਾਂ ਜੋ ਮਰੀਜਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਇਲਾਜ ਲਈ ਕਿਸ ਵਿਭਾਗ ਵਿੱਚ ਜਾਣਾ ਹੈ ਜਾਂ ਕਿਸ ਡਾਕਟਰ ਨੂੰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਬਣੇ ਵਾਸ਼ਰੂਮਾਂ ਦੀ ਸਾਫ ਸਫਾਈ ਵੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਮੈਡੀਕਲ ਸੁਪਰਡੰਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਇਕ ਮਨੈਜਮੈਂਟ ਕਮੇਟੀ ਗਠਿਤ ਕੀਤੀ ਜਾਵੇ ਜੋ ਹਰੇਕ ਹਫਤੇ ਚੱਲ ਰਹੇ ਕੰਮਾਂ ਅਤੇ ਮਰੀਜਾਂ ਦੀ ਸੰਤੁਸ਼ਟੀ ਬਾਰੇ ਸਮੀਖਿਆ ਕਰੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਨੂੰ ਅਪਗਰੇਡ ਕਰਨ ਲਈ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਲਈ ਫੰਡਾਂ ਦੀ ਕੋਈ ਘਾਟ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਫੰਡਾਂ ਸਬੰਧੀ ਸਿਹਤ ਵਿਭਾਗ ਨਾਲ ਸੰਪਰਕ ਸਥਾਪਤ ਕਰਕੇ ਫੰਡ ਦਾ ਪ੍ਰਬੰਧ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਰਾਤ ਸਮੇਂ ਲਾਈਟਾਂ ਦਾ ਪੂਰਾ ਇੰਤਜਾਮ ਹੋਣਾ ਚਾਹੀਦਾ ਹੈ ਅਤੇ ਮਰੀਜਾਂ ਦੇ ਨਾਲ ਆਏ ਪਰਿਵਾਰਾਂ ਦੀ ਸੁਰੱਖਿਆ ਸਬੰਧੀ ਵੀ ਪੂਰੇ ਪ੍ਰਬੰਧ ਕੀਤੇ ਜਾਣ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਬਲੱਡ ਬੈਂਕ ਦਾ ਨਰੀਖਣ ਵੀ ਕੀਤਾ ਗਿਆ ਅਤੇ ਸਾਫ ਸਫਾਈ ਨੂੰ ਲੈ ਕੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਸੁਪਰਡੰਟ ਡਾ: ਕਰਮਜੀਤ ਸਿੰਘ, ਡਿਪਟੀ ਮੈਡੀਕਲ ਸੁਪਰਡੰਟ ਡਾ: ਆਈ:ਪੀ:ਐਸ ਗਰੋਵਰ, ਸੁਪਰਡੰਟ ਲਵਲੀ ਕੁਮਾਰ ਤੋਂ ਇਲਾਵਾ ਹੋਰ ਡਾਕਟਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਗੁਰੂ ਨਾਨਕ ਦੇਵ ਹਸਪਤਾਲ ਦੀ ਚੈਕਿੰਗ ਕਰਦੇ ਹੋਏ।
ਮਰੀਜਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ।
ਸਾਫ ਸਫਾਈ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ।